ਮਾਂ ਜਿਸਨੂੰ ਸ਼ੈਤਾਨ ਕਹਿੰਦੀ ਹੈ
ਬੱਚੇ ਨੂੰ ਵੀ ਉਹ ਸ਼ੈਤਾਨ ਲੱਗਣ ਲੱਗ ਜਾਂਦਾ ਹੈ
ਮਾਂ ਜਿਸਨੂੰ ਫਰਿਸ਼ਤਾ ਕਹਿੰਦੀ ਹੈ
ਬੱਚੇ ਨੂੰ ਵੀ ਉਹ ਫਰਿਸ਼ਤਾ ਲੱਗਣ ਲੱਗ ਜਾਂਦਾ ਹੈ
ਰੱਬ ਬੰਦੇ ਬਣਾਉਂਦਾ ਹੈ
ਮਾਂ ਉਹਨਾਂ ਨੂੰ
ਬੁਰੇ , ਭਲੇ
ਨਾਇਕ , ਖ਼ਲਨਾਇਕ
ਬਣਾਉਂਦੀ ਹੈ
ਰੱਬ ਬੰਦਿਆਂ ਨੂੰ ਵੇਖਣ ਲਈ ਨਜ਼ਰ ਦਿੰਦਾ ਹੈ
ਮਾਂ ਵੇਖਣ ਵਾਲ਼ਾ ਨਜ਼ਰੀਆ ਦਿੰਦੀ ਹੈ
ਕਈ ਵਾਰੀ ਤਾਂ ਇੰਜ ਲਗਦਾ ਹੈ ਕਿ
ਮਾਂ ਤੇ ਰੱਬ ਰਲ਼ਮਿਲ਼ ਕੇ ਇੱਕੋ ਖੇਡ ਖੇਡ ਰਹੇ ਨੇ
ਰੱਬ ਭਾਂਡੇ ਘੜਨ ਵਾਲ਼ਾ ਘੁਮਿਆਰ ਹੈ
ਮਾਂ ਉਹਨਾਂ ਤੇ ਮੀਨਾਕਾਰੀ ਕਰਨ ਵਾਲ਼ੀ ਮੀਨਾਕਾਰ