ਮਾਨ ਅਤੇ ਸਤਿਕਾਰ ਜਿਹਾ

ਦੂਜੇ ਕੋਲੋਂ ਰਹੇ ਲੋਚਦੇ ਮਾਨ ਅਤੇ ਸਤਿਕਾਰ ਜਿਹਾ 

ਭਾਵੇਂ ਸਾਡਾ ਆਪਣਾ ਆਪਾ ਸੀ ਖੁੰਢੀ ਤਲਵਾਰ ਜਿਹਾ

ਨਰਕ ਸੁਰਗ ਵੀ ਵੇਖ ਲਿਆ ਹੈ, ਵੇਖ ਲਿਆ ਸੰਸਾਰ ਜਿਹਾ 

ਇੱਕ ਉਸਨੂੰ ਤੱਕਣਾ ਬਾਕੀ ਇਕ ਉਹਦਾ ਦਰਬਾਰ ਜਿਹਾ

ਸਾਡੇ ਪੱਲੇ ਕੁਝ ਤਾਂ ਹੈ ਸੀ, ਭਾਵੇਂ ਵੋਟ ਜਿਹਾ ਹੀ ਸੀ 

ਕਾਸ਼ ਤੁਹਾਡੇ ਵਿਚ ਵੀ ਹੁੰਦਾ ਕੁਝ ਨਾ ਕੁਝ ਸਰਕਾਰ ਜਿਹਾ

ਜਿਹੜਾ ਤੈਨੂੰ ਰੋਜ਼ ਧਿਆਈਏ ਉਹ ਤਾਂ ਸਾਡੀ ਮਿਹਨਤ ਹੈ 

ਮਿਹਨਤ ਬਦਲੇ ਦਰਸ਼ਨ ਚਾਹੀਏ ਨਾ ਚਾਹੀਏ ਉਪਕਾਰ ਜਿਹਾ

ਆਪਣੇ ਘਰ ਦੇ ਦੀਵੇ ਵਰਗਾ, ਚਾਨਣ, ਕੋਈ ਹੋਰ ਨਹੀਂ 

ਹੋਵੇ ਰੌਸ਼ਨੀਆਂ ਦਾ ਭਾਵੇਂ ਦੂਜੇ ਘਰ ਅੰਬਾਰ ਜਿਹਾ

ਉਸਦੀ ਵਧਦੀ ਛਾਂ ਨੇ ਕੋਮਲ ਰੁੰਡ ਜਿਹਾ ਕਰ ਛੱਡਿਆ ਹੈ 

ਹਰ ਇਕ ਨਿੱਕਾ ਬੂਟਾ ਜਿਹੜਾ ਪਹਿਲਾਂ ਸੀ ਫ਼ਲਦਾਰ ਜਿਹਾ

📝 ਸੋਧ ਲਈ ਭੇਜੋ