ਮਾਂ ਕੋਲੋਂ ਧੀ ਪੁੱਛਦੀ ਦੱਸ ਫੁੱਲਾਂ 'ਚ ਸੁਗੰਧੀ ਕਿਵੇਂ ਆਉਂਦੀ
ਉਹ ਕਿਹੜੀ ਰੁੱਤ ਅੰਮੀਏ ਜਦੋਂ ਸੁੱਤਿਆਂ ਨੀਂਦ ਨਾ ਆਉਂਦੀ
ਕਿੱਕਰਾਂ ਨੂੰ ਫੁੱਲ ਲਗਦੇ ਕੌੜੀ ਨਿੰਮ ਨੂੰ ਨੇ ਲਗਦੇ ਪਤਾਸੇ
ਖੁਸ਼ੀਆਂ ਦਾ ਮੀਂਹ ਵੱਸਦਾ ਜਿੰਦ ਬੀਜਦੀ ਸੁਨਹਿਰੀ ਹਾਸੇ
ਗੱਲੇ ਕੱਥੇ ਰੋਣ ਆਂਵਦਾ ਰੂਹ ਕੂੰਜ ਦੇ ਵਾਂਗ ਕੁਰਲਾਉਂਦੀ
ਸਤਰੰਗੀ ਪੀਂਘ ਅੰਮੀਏ ਜਦੋਂ ਦਿਲ ਦੇ ਅੰਬਰ ਤੇ ਪੈਂਦੀ
ਰੀਝਾਂ ਦੀਆਂ ਪੈਣ ਵਾਛੜਾਂ ਜਿੰਦ ਸੋਚਾਂ 'ਚ ਨੁਚੜਦੀ ਰਹਿੰਦੀ
ਬੱਦਲਾਂ ਦਾ ਦਿਲ ਧੜਕੇ ਮਾਰੇ ਸੈਣਤਾਂ ਤੇ ਬਿਜਲੀ ਬੁਲਾਉਂਦੀ
ਗੰਨਿਆਂ 'ਚ ਘੁਲੇ ਮਿਸ਼ਰੀ ਪੈਣ ਕਣੀਆਂ ਤੇ ਬਣਨ ਮਖਾਣੇ
ਸਿੱਟਿਆਂ ਨੂੰ ਬੂਰ ਆਂਵਦਾ ਪੈਣ ਮੱਕੀਆਂ ਨੂੰ ਦੋਧੇ ਦਾਣੇ
ਆਪਣੇ ਹੀ ਅੰਗ ਵੇਖ ਕੇ ਅੱਖ ਹੱਸਦੀ ਤੇ ਨਾਲੇ ਸ਼ਰਮਾਉਂਦੀ
ਕੰਘੀ ਕੋਲੋਂ ਕੇਸ ਸੰਗਦੇ ਬੁੱਲ੍ਹਾਂ ਕੋਲੋਂ ਸੰਗਦਾ ਦੰਦਾਸਾ
ਅੱਖੀਆਂ ਤੋਂ ਡਰੇ ਸੁਰਮਾ ਬਦੋ ਬਦੀ ਆਵੇ ਪਿਆ ਹਾਸਾ
ਹਵਾ ਦੀ ਹੋਜੇ ਅੱਖ ਕਾਸ਼ਨੀ ਜਦੋਂ ਧੁੱਪ ਸੰਗ ਧੁੱਪ ਟਕਰਾਉਂਦੀ
ਸੂਰਜੇ ਤੋਂ ਠੰਢ ਲੱਗਦੀ ਜਿੰਦ ਆਪਣੇ ਹੀ ਭਰਦੀ ਕਲਾਵੇ
ਚੰਨ ਕੋਲੋਂ ਸੰਗ ਲੱਗਦੀ ਕੋਈ ਆਪਣਾ ਨਾ ਚੰਨ ਬਣ ਜਾਵੇ
ਤਾਰਿਆਂ ਦੀ ਜੰਞ ਆਂਵਦੀ ਗੀਤ ਅੰਬਰਾਂ ਦਾ ਧਰਤੀ ਗਾਉਂਦੀ
ਬਾਬਲੇ ਤੋਂ ਡਰ ਲੱਗਦਾ ਹੋਵੇ ਮਿੱਠਾ ਜਿਹਾ ਵੀਰਾਂ ਤੋਂ ਸ਼ਰੀਕਾ
ਅੰਮੜੀ ਤੋਂ ਪੈਣ ਝਿੜਕਾਂ ਸਿਖ ਸਾਊਆਂ ਵਾਲਾ ਧੀਏ ਨੀ ਸਲੀਕਾ
ਮਾਪਿਆਂ ਨੂੰ ਕਿਵੇਂ ਦੱਸੀਏ ਸਾਨੂੰ ਕੱਲ੍ਹਿਆਂ ਨੂੰ ਰਾਤ ਡਰਾਉਂਦੀ ।
ਮਾਂ ਕੋਲੋਂ ਧੀ ਪੁੱਛਦੀ ਦੱਸ ਫੁੱਲਾਂ 'ਚ ਸੁਗੰਧੀ ਕਿਵੇਂ ਆਉਂਦੀ
ਉਹ ਕਿਹੜੀ ਰੁੱਤ ਅੰਮੀਏ ਜਦੋਂ ਸੁੱਤਿਆਂ ਨੀਂਦ ਨਾ ਆਉਂਦੀ