ਮਾਂ ਉੱਤੇ-ਅਓਂਦੇ ਸਾਰ ਜਗ ਵਿਚ

ਅਓਂਦੇ ਸਾਰ ਜਗ ਵਿਚ, ਪਹਿਲੀ ਵਾਰੀ ਤੱਕਿਆ ਤੇ, ਤੈਨੂੰ ਮੈਂ ਸੰਜਾਣਿਆਂ ਨੀ ਮਾਏ,

ਰੂਹ ਜਦੋਂ ਤਨ ਵਿਚ ਦੌੜੀ ਫ਼ੇਰ ਮਨ ਮੇਰੇ, ਤੈਨੂੰ ਰੱਬ ਜਾਣਿਆਂ ਨੀ ਮਾਏ

ਤੂੰ ਹੀ ਤੇ ਸੁਨਾਈਆਂ ਮੈਨੂੰ, ਚੰਨ ਦੀਆਂ ਲੋਰੀਆਂ ਤੇ, ਤਾਰਿਆਂ ਦੀ ਲੋਆਂ ਜਿਹੇ ਗੀਤ,

ਤੇਰੀ ਠੰਡੀ ਛਾਂ ਥੱਲੇ, ਸੇਕਿਆ ਮੈਂ ਸੂਰਜੇ ਨੂੰ, ਰੁੱਤਾਂ ਨੂੰ ਪਛਾਣਿਆਂ ਨੀ ਮਾਏ

ਖਿੜੀ ਫੁੱਲ ਵਾਂਗ ਮੇਰੀ ਖ਼ੁਸ਼ੀਆਂ ਤੇ, ਗ਼ਮ ਉੱਤੇ, ਸੌਣ ਵਾਂਗੂੰ ਵਰ੍ਹੇ ਤੇਰੇ ਨੈਣ,

ਤੇਰੇ ਜਜ਼ਬਾਤ ਭਰੇ ਪਿਆਰ ਦੀ ਬਹਾਰ ਨੂੰ ਮੈਂ, ਰੱਜ ਰੱਜ ਮਾਣਿਆਂ ਨੀ ਮਾਏ

ਤੋਤੇ ਵਾਂਗੂੰ ਰੱਟ ਕੇ ਤੇ, ਗਾਏ ਸੀ ਪਪੀਹੇ ਵਾਂਗੂੰ, ਤੇਰੇ ਕੋਲੋਂ ਸਿੱਖੇ ਹੋਏ ਬੋਲ,

ਹੁਣ ਜਾਪੇ ਗਿਰਝਾਂ ਜਿਉਂ, ਬੈਠੀਆਂ ਮੁਕਾਣੀਂ ਓਹਨਾਂ, ਸਮਿਆਂ ਸੁਹਾਣਿਆਂ ਨੀ ਮਾਏ

ਕੀਤੀਆਂ ਕਰੂਲੀਆਂ ਜੋ ਘਿਓ ਦੀਆਂ, ਤੇਰੇ ਭੁਖੇ ਢਿੱਡ ਨੂੰ ਮੈਂ ਸੰਨ੍ਹ ਮਾਰ ਮਾਰ,

ਪਤਾ ਸੀ ਏਹ ਖ਼ੌਰੇ ਤੈਨੂੰ, ਬਦਲਾ ਏਹ ਲੈਣਾਂ ਮੈਥੋਂ, ਮੇਰਿਆਂ ਨਿਆਣਿਆਂ ਨੀ ਮਾਏ

ਮਿਲਿਆ ਨਸੀਬ ਤੈਥੋਂ, ਨਵਾਂ ਤੇ ਨਿਕੋਰ, ਹਥੀਂ ਜੱਗ ਆਕੇ ਹੋਇਆ ਲੀਰੋ ਲੀਰ,

ਹੁਣ ਤੇ ਏੈਹ ਇੰਜ ਜੀਵੇਂ, ਫੁੰਡਿਆ ਸ਼ਿਕਾਰ, ਹੱਥੀਂ ਅੰਨ੍ਹਿਆਂ ਤੇ ਕਾਣਿਆਂ ਨੀ ਮਾਏ

ਪਿਆਰ ਹੀ ਸਿਖਾਇਆ ਤੂੰ ਤੇ, ਫ਼ੇਰ ਕਿਥੋਂ ਜੰਮੇ ਮੇਰੇ , ਦਿਲ ਵਿਚ ਵਲ਼, ਵੈਲ, ਵੈਰ,

ਲਗਦੈ ਕਰੋਧ ਸਾਰਾ ਦਿੱਤਾ ਉਧਾਰ ਮੈਨੂੰ, ਮੇਰਿਆਂ ਯਰਾਨਿਆਂ ਨੀ ਮਾਏ

ਟੁਰ ਗਈਓਂ ਓਥੇ ਜਿੱਥੋਂ, ਖ਼ਤ ਨਾ ਖ਼ਬਰ, ਨਾ ਹੀ ਆਵੇ ਜਾਵੇ ਕੋਈ ਸੰਦੇਸ,

ਜੰਦਰੇ ਵੀ ਮਾਰ ਗਈਓਂ, ਅਪਣੀ ਦੁਆਵਾਂ ਨਾਲ, ਬੂਥਵੇਂ ਖ਼ਜ਼ਾਨਿਆਂ ਨੀ ਮਾਏ

ਮਾਣੀਆਂ ਸੀ ਨੀਂਦਰਾਂ ਮੈਂ, ਤੇਰੀਆਂ ਜਵਾਨੀ ਵਾਲੇ, ਨਸ਼ੇ ਦੀਆਂ ਨੀਂਦਰਾਂ ਚੁਰਾ,

ਤਾਹੀਂ ਜਿੰਦ ਵੰਡੀ 'ਗਿੱਲ', ਹੁਣ ਜੁਰਮਾਨਿਆਂ ਤੇ, ਕੁਝ ਹਰਜਾਨਿਆਂ ਨੀ ਮਾਏ

📝 ਸੋਧ ਲਈ ਭੇਜੋ