ਕੁਝ ਘੜੀਆਂ ਤੇ ਕੁਝ ਪਲ ਜੀ ਕੇ
ਪੰਛੀ ਵਾਂਗੂੰ ਰਹਿ ਤੇ ਥੀ ਕੇ
ਮਾਰ ਉਡਾਰੀ ਜਾਣਾ ਫ਼ਾਨੀ ਦੁਨੀਆ ਤੋਂ
ਕੁਝ ਨਾ ਨਾਲ਼ ਲਿਜਾਣਾ ਫ਼ਾਨੀ ਦੁਨੀਆ ਤੋਂ
ਜੇ ਨਾ ਨਾਲ਼ ਲਿਜਾਣਾ ਫਿਰ ਕਿਓਂ
ਬੋਝੇ ਭਰਦੇ ਜਾਣਾ
ਜੀਂਦੇ ਮਰ ਮਰ ਲੁੱਟਾਂ ਕਰ ਕਰ
ਕਿਓਂ ਅੰਬਾਰ ਲਗਾਣਾ
‘ਸਭਨਾ ਜੀਆਂ ਦਾ ਜੋ ਦਾਤਾ’
ਉਸਦਾ ਸ਼ੁਕਰ ਮਨਾਉਣਾ
ਫ਼ਾਨੀ ਦੁਨੀਆ ਤੋਂ ਮਾਰ ਉਡਾਰੀ ਜਾਣਾ ।
ਜਾਤ ਧਰਮ ਦੇ ਤੋੜ ਕੇ ਸੰਗਲ਼
ਮੈਂ ਰਹਿਣਾ ਵਣ ਬੇਲੇ ਜੰਗਲ਼
ਜੰਗਲ਼ ਜੰਗਲ਼ ਘੁੰਮ ਘਮਾ ਕੇ
ਜੋਗੀ ਵਾਲ਼ਾ ਫੇਰਾ ਪਾ ਕੇ
ਅਲਖ ਜਗਾ ਕੇ ਗਜਾ ਕਮਾਕੇ
ਜੰਗਲ਼ ਵਿੱਚ ਖ਼ਪ ਜਾਣਾ
ਫ਼ਾਨੀ ਦੁਨੀਆ ਤੋਂ ਮਾਰ ਉਡਾਰੀ ਜਾਣਾ ।
ਨਾ ਖਿੱਤਾ ਨਾ ਸੂਬਾ ਮੇਰਾ
ਨਾ ਕੋਈ ਮੇਰਾ ਦੇਸ
ਨਾ ਪਹਿਰਾਵਾ ਕੋਈ ਉਚੇਚਾ
ਕੁਦਰਤ ਵਾਲਾ ਵੇਸ
ਜਿੰਨਾ ਲਿਖਿਆ ਜਿੰਨਾ ਮਿਥਿਆ
ਪੂਰਾ ਕਰ ਤੁਰ ਜਾਣਾ
ਫ਼ਾਨੀ ਦੁਨੀਆ ਤੋਂ ਮਾਰ ਉਡਾਰੀ ਜਾਣਾ .....
ਨਾ ਗੋਰਾ ਤੇ ਨਾ ਮੈ ਕਾਲ਼ਾ
ਰੰਗ ਹੈ ਮੇਰਾ ਕਾਦਰ ਵਾਲ਼ਾ
ਕੁੱਲ ਕਾਇਨਾਤ ਹੈ ਕਾਦਰ ਚਾਦਰ
ਰੰਗ ਬਰੰਗ ਦੁਸ਼ਾਲਾ
ਕਾਦਰ ਚਾਦਰ ਇੱਕ ਬਰਾਬਰ
ਨਾ ਕੋਈ ਦੋਇਮ ਨਾ ਕੋਈ ਆਹਲਾ
ਖੇਡ ਇਹ ਕਾਦਰ ਜਿਚਰ ਬਖ਼ਸ਼ੀ
ਖੇਡ ਕੇ ਮੈਂ ਤੁਰ ਜਾਣਾ
ਫ਼ਾਨੀ ਦੁਨੀਆ ਤੋਂ ।
ਜਿੱਥੇ ਨਰ ਤੇ ਨਾਰੀ ਦੋਵੇਂ
ਬਰਾ ਬਰਾਬਰ ਬਹਿੰਦੇ ਨੇ
ਐਸਾ ਥਾਨ ਸੁਹਾਵਾ ਜਿੱਥੇ
ਜੰਨਤ ਵਾਸੀ ਰਹਿੰਦੇ ਨੇ
ਐਸੇ ਵਾਸੇ ਦਾ ਭਰਵਾਸਾ
ਮਨ ਵਿੱਚ ਹੈ ਰਹਿ ਜਾਣਾ
ਫ਼ਾਨੀ ਦੁਨੀਆ ਤੋਂ