ਮਾਵਾਂ ਠੰਢੀਆਂ ਛਾਵਾਂ

ਮਾਵਾਂ ਤਾਂ ਹੁੰਦੀਆਂ ਠੰਢੀਆਂ ਛਾਵਾਂ 

ਛਾਵਾਂ ਦੀ ਸਭ ਨੂੰ ਲੋੜ ਨੀ ਮਾਏ

ਧੀਆਂ ਵੀ ਇਕ ਦਿਨ ਛਾਂ ਹੈ ਬਣਨਾ 

ਹੱਸ ਹੱਸ ਹੱਥੀਂ ਤੋਰ ਨੀ ਮਾਏ

ਧੀਆਂ ਧਰੇਕਾਂ ਵਧਣਾ ਫੁੱਲਣਾ

ਇਉਂ ਨਾ ਚਿੱਤੋਂ ਡੋਲ ਨੀ ਮਾਏ

ਧੀਆਂ ਤੇ ਕਣਕਾਂ ਪਾਲਣ ਵਾਲੇ 

ਕਦੇ ਨਾ ਰਖਦੇ ਕੋਲ ਨੀ ਮਾਏ

ਧੀਆਂ ਦਾ ਧੰਨ ਤਾਂ ਸਰਪਰ ਲੁੱਟਣੈ 

ਸਾਧ ਮਿਲੇ ਜਾਂ ਚੋਰ ਨੀ ਮਾਏ

ਧੀਆਂ ਤਾਂ ਤੇਰੇ ਬਾਗ ਪਨੀਰੀ 

ਪੁੱਟ ਕੇ ਹੋਰ ਥਾਂ ਲੱਗਣੀ

ਜੋਤ ਜਿਹੜੀ ਤੂੰ ਕੁੱਖੋਂ ਜਾਈ 

ਹੋਰ ਵਿਹੜੇ ਵਿੱਚ ਜਗਣੀ

ਆਪਣੇ ਲਹੂ ਸੰਗ ਸਿੰਝਿਆ ਬੂਟਾ 

ਪੁੱਟ ਲੈ ਜਾਵਣ ਹੋਰ ਨੀ ਮਾਏ

ਤੂੰ ਚੰਬੇ ਦਾ ਬੂਟਾ ਅੰਮੜੀ 

ਅਸੀਂ ਹਾਂ ਤੇਰੀਆਂ ਕਲੀਆਂ

ਇੱਕ ਦਿਨ ਸਾਨੂੰ ਸੁਪਨਾ ਥੀਸਣ 

ਇਹ ਬਾਬਲ ਦੀਆਂ ਗਲੀਆਂ

ਮਹਿਕ ਤਾਂ ਜੰਮੇ ਤੇਰੇ ਵਿਹੜੇ 

ਜਾਂ ਵੰਡੀਏ ਕਿਤੇ ਹੋਰ ਨੀ ਮਾਏ

ਧੀਆਂ ਦਾ ਬੂਟਾ ਅੰਬਰੀਂ ਉਗਦਾ 

ਧਰਤ ਤੇ ਪੈਂਦੇ ਫੁੱਲ ਨੀ ਮਾਏ

ਧੀਆਂ ਦਾ ਮੇਵਾ ਕਰਮੀਂ ਸੰਦੜਾ 

ਇਹ ਹੋਣੀ ਨਾ ਭੁੱਲ ਨੀ ਮਾਏ

ਧੀਆਂ ਤੇ ਬੱਦਲ ਹੋਰ ਥਾਂ ਜੰਮਦੇ 

ਜਾ ਵੱਸਦੇ ਕਿਤੇ ਹੋਰ ਨੀ ਮਾਏ 

ਹੱਸ ਹੱਸ ਹੱਥੀਂ ਤੋਰ ਨੀ ਮਾਏ।

📝 ਸੋਧ ਲਈ ਭੇਜੋ