ਮਾਏ ਨੀ ਸੁਣ ਮੇਰੀਏ ਮਾਏ
ਦਿਲ ਦੀ ਧਰਤੀ ਜੰਗਲ ਸੰਘਣਾ
ਜਿੱਥੇ ਗੂੜ੍ਹੇ ਗਮ ਦੇ ਸਾਏ
ਨਾ ਕੋਈ ਸਾਵਣ ਸਾਡਾ ਹੋਇਆ
ਨਾ ਰੁੱਤ ਮੇਰੇ ਆਈ
ਖਾਨਗਾਹ ਜੋ ਵਿੱਚ ਉਜਾੜਾਂ
ਨਾ ਕਿਸੇ ਜੋਤ ਜਗਾਈ
ਨਾ ਕੋਈ ਦਿਲ ਦਾ ਮਹਿਰਮ ਮਿਲਿਆ
ਨਾ ਕਿਸੇ ਦਰਦ ਵੰਡਾਏ
ਮਾਏ ਨੀ ਸੁਣ ਮੇਰੀਏ ਮਾਏ
ਇਕ ਅਗਨੀ ਜਿਲ੍ਹਾ ਰੰਗ ਗੁਲਾਬੀ
ਕੱਦ ਚੰਦਨ ਦਾ ਬੂਟਾ
ਰੂਪ ਜਿਦ੍ਹਾ ਚੜਦੇ ਦੀ ਲਾਲੀ
ਸੂਰਜ ਪੈਜੇ ਝੂਠਾ
ਇਕੋ ਕਿਰਨ ਪਿਆਰ ਦੀ ਮੰਗੀ
ਕਾਸ਼ ਨਾ ਠੁਕਰਾਏ
ਮਾਏ ਨੀ ਸੁਣ ਮੇਰੀਏ ਮਾਏ
ਅਸੀਂ ਤਾਂ ਓਹਦੇ ਮਹਿਲਾਂ ਅੱਗੇ
ਸਿਜਦਾ ਕਰਦੇ ਮੋਏ
ਸ਼ਹਿਰ ਉਹਦੇ ਦੀ ਮਿੱਟੀ ਚੁੰਮੀ
‘ਪੌਣਾਂ’ ਗਲ ਲਗ ਰੋਏ
ਜੋ ਵੀ ਚੇਹਰਾ ਤੇਰਾ ਲੱਗਿਆ
ਅਸੀਂ ਰਾਹੀਂ ਨੈਣ ਵਿਛਾਏ
ਮਾਏ ਨੀ ਸੁਣ ਮੇਰੀਏ ਮਾਏ
ਸੁੱਕਾ ਰੁੱਖ ਦਰਿਆਵਾਂ ਕੰਢੇ
ਕੀਕਣ ਪਿਆਸ ਬੁਝਾਏ
ਨਾ ਕੋਈ ਉਹਦੀ ਛਾਵੇਂ ਬੈਠੇ
ਨਾ ਚਾਨਣ ਗਲ ਲਾਏ
ਦਰਿਆਵਾਂ ਦੇ ਨੀਰ ਨਾ ਘਟਦੇ
ਜੇ ਪੰਛੀ ਹੋਣ ਤਿਹਾਏ
ਮਾਏ ਨੀ ਸੁਣ ਮੇਰੀਏ ਮਾਏ
ਉਹਦਾ ਰੂਪ ਸਮੁੰਦਰ ਵਰਗਾ
ਲੱਖ ਦਰਿਆਵਾਂ ਆਣਾ
ਐਪਰ ਸਾਡੇ ਵਾਂਗ ਕਿਸੇ ਨਾ
ਗੀਤ ਦਰਦ ਦਾ ਗਾਣਾ
ਰੋਜ਼ ਨਾ ਪੈਰੀਂ ਝਾਂਜਰ ਛਣਕੇ
ਨਾ ਕੋਈ ਮਹਿੰਦੀ ਲਾਏ
ਮਾਏ ਨੀ ਸੁਣ ਮੇਰੀਏ ਮਾਏ
ਸਾਡੀ ਤਾਂ ਉਹਦੇ ਦਰ ਤੇ ਇੱਕੋ
ਉਮਰਾਂ ਦੀ ਅਰਜੋਈ
ਮੋਹ ਦਾ ਕਾਜਲ ਨੈਣੀਂ ਪਾ ਕੇ
ਆਪਣਾ ਆਖੇ ਕੋਈ
ਉਹਦੀ ਛੋਹ ਨੂੰ ਤਰਸੇ ਮੱਥਾ
ਇਕ ਵਾਰੀ ਚੁੰਮ ਜਾਏ
ਮਾਏ ਨੀ ਸੁਣ ਮੇਰੀਏ ਮਾਏ
ਦਿਲ ਦੀ ਧਰਤੀ ਜੰਗਲ ਸੰਘਣਾ
ਜਿੱਥੇ ਗੂੜ੍ਹੇ ਗਮ ਦੇ ਸਾਏ