ਮਹਾਂ ਪਸਾਰਾ

ਕੀ ਹੋਇਆ ਕੁਝ ਤਾਰੇ ਬੁਝ ਕੇ 

ਰਾਖ ਬਣੇ ਨੇ

ਕੀ ਹੋਇਆ ਜੇ ਕਾਲਖ ਰਤਾ ਕੁ 

ਸੰਘਣੀ ਹੋਈ

ਸੂਰਜ ਦੀ ਪਰ ਤਪਸ਼ ਘਟੀ ਨਾ

ਪੁੰਨਿਆਂ ਦਾ ਚਾਨਣ ਵੀ

ਪਹਿਲਾਂ ਵਰਗਾ ਪਾਕ ਪਵਿੱਤਰ 

ਬ੍ਰਹਿਮੰਡ ਦਾ ਇਹ ਮਹਾਂ ਪਸਾਰਾ

ਹਾਲੇ ਵੀ ਓਨੇ ਦਾ ਓਨਾ

ਇਹ ਜੋ ਸ਼ੋਖ ਨਦੀ ਦਾ ਪਾਣੀ 

ਦਿਨੇ ਰਾਤ ਪੱਥਰਾਂ 'ਚੋਂ ਵਗਦਾ 

ਕਦੇ ਨਾ ਊਣਾ ਹੋਇਆ ਲੱਗਦਾ 

ਪਿੱਛੋਂ ਦੂਰ ਪਹਾੜਾਂ ਉਤੋਂ 

ਪਿਘਲ ਪਿਘਲ ਕੇ ਬਰਫ਼ਾਂ 

ਚਲਦਾ ਰੱਖੀ ਜਾਵਣ

ਪਾਣੀ ਦੇ ਨਿਰਮਲ ਪ੍ਰਵਾਹ ਨੂੰ

ਇਹ ਜੋ ਪੁੱਠੇ ਸਮਿਆਂ ਹੱਥੋਂ

ਮਾਰਾਂ ਖਾ ਕੇ

ਦਿੱਸਦੇ ਜਿਸਮ ਨਿਤਾਣੇ ਹੋਏ

ਇਨ੍ਹਾਂ ਵਿਚ ਅਜੇ ਵੀ ਬਚਦੀ

ਏਨੀ ਸ਼ਕਤੀ

ਮਿਲ ਕੇ ਲੱਗ ਜਾਵੇ

ਦੰਭ ਦੇ ਪਹੀਆਂ ਉਤੇ ਰਿੜ੍ਹਦੇ

ਤਖਤਾਂ ਨੂੰ ਉਲਟਾ ਸਕਦੀ ਹੈ 

ਨਕਸ਼ ਬਦਲ ਸਕਦੀ ਹੈ

ਅਣਚਾਹੇ ਨਕਸ਼ੇ ਦੇ 

ਬੀਤ ਗਏ ਨੇ ਕਿੰਨੇ 

ਜੁਗਗਰਦੀ ਦੇ ਮੌਸਮ 

ਕਿੰਨੇ ਹੋਰ ਅਜੇ ਬਾਕੀ ਨੇ 

ਅੱਜ ਵੀ ਸਾਡੇ ਚਾਰ ਚੁਫੇਰੇ

ਕੱਲ੍ਹ ਨੂੰ ਹੋਰ ਬੜੇ ਆਉਣੇ ਨੇ 

ਸਦੀਆਂ ਦੇ ਦਿਸਹੱਦਿਆਂ ਤੀਕਰ 

ਫੈਲੇ ਹੋਏ

ਇਨ੍ਹਾਂ ਘੜਨੇ ਨਕਸ਼ ਹਮੇਸ਼ਾ

ਨਵੇਂ ਮਨੁੱਖ ਦੇ

ਹੋਣੀ ਜਿਸ ਦੀ

ਨਿਰਮਲ ਸ਼ੋਖ ਨਦੀ ਦੇ ਵਾਂਗੂ 

ਸਦਾ ਨਿਰੰਤਰ ਵਗਦੀ ਰਹਿੰਦੀ 

ਪਰਬਤ ਤੋਂ ਸਾਗਰ ਵੱਲ

ਫਿਰ ਸਾਗਰ ਤੋਂ ਪਰਬਤ

ਧਰਤੀ ਉਤੇ ਜਿਸ ਦੀਆਂ ਪੈੜਾਂ 

ਬਣਦੀਆਂ, ਮਿਟਦੀਆਂ ਫੇਰ ਬਣਦੀਆਂ 

ਇਨ੍ਹਾਂ ਸਦਕਾ ਧਰਤ ਦ੍ਰਿਸ਼ 

ਹੈ ਕਿੰਨਾ ਦਿਲਕਸ਼

ਮੌਸਮ ਲੰਘਣ, ਸਦੀਆਂ ਬੀਤਣ 

ਇਹ ਤਾਂ ਸਦਾ ਆਕਰਸ਼ਕ ਰਹਿਣਾ

ਕੀ ਹੋਇਆ ਕੁਝ ਤਾਰੇ ਬੁਝ ਕੇ

ਰਾਖ ਬਣੇ ਨੇ

ਹਾਲੇ ਵੀ ਓਨੇ ਦਾ ਓਨਾ

ਬ੍ਰਹਿਮੰਡ ਦਾ ਇਹ ਮਹਾਂ ਪਸਾਰਾ।

📝 ਸੋਧ ਲਈ ਭੇਜੋ