ਮਹਾਤਮਾ ਜੀ ਦੇ ਫ਼ਲਸਫ਼ੇ ਦੇ ਚਰਚੇ

ਮਹਾਤਮਾ ਜੀ ਦੇ ਫ਼ਲਸਫ਼ੇ ਦੇ ਚਰਚੇ,

ਇੰਝ ਨੇ ਵਿਚ ਜਹਾਨ ਹੋ ਗਏ

ਤੋਪਾਂ ਉੱਤੇ ਢੰਡੋਰਚੀ ਸਾਂਤੀ ਦੇ,

ਕਦੇ ਮੰਤਰੀ ਕਦੇ ਪਰਧਾਨ ਹੋ ਗਏ

ਖੋਹ ਖਿੰਜ ਕੇ ਮੁਲਕੀ ਰਿਆਸਤਾਂ ਨੂੰ,

ਆਪੇ ਏਸ਼ੀਆ ਦੇ ਨਿਗਹਬਾਨ ਹੋ ਗਏ

ਐਸੇ ਜ਼ੁਅਮ ਅੰਦਰ ਮੇਰੇ ਦੇਸ ਆਏ,

ਏਥੇ ਆਉਂਦਿਆਂ ਪਰੇਸ਼ਾਨ ਹੋ ਗਏ

ਗਈ ਜਾਗ ਏਧਰ ਸੁੱਤਿਆਂ ਨੂੰ,

ਉੱਠੇ, ਉੱਠ ਕੇ ਤੇ ਸਾਵਧਾਨ ਹੋ ਗਏ

ਬੁੱਢੇ ਬੁੱਢੇ ਨੂੰ ਨਸ਼ੇ ਜਵਾਨੀਆਂ ਦੇ,

ਅਤੇ ਬੱਚੇ ਵੀ ਸ਼ੇਰ ਜਵਾਨ ਹੋ ਗਏ

ਬਣ ਗਏ ਮੁਜਾਹਦ ਤੇ ਕੁਝ ਗ਼ਾਜ਼ੀ,

ਆਈਆਂ ਹਿੰਮਤਾਂ ਮਾੜੇ ਭਲਵਾਨ ਹੋ ਗਏ

ਵੈਰੀ ਵਿਚ ਮੈਦਾਨ ਦੇ ਠਹਿਰਿਆ ਨਾ,

ਲਲਕਾਰ ਮਾਰ ਕੇ ਰੁਸਤਮ ਜ਼ਮਾਨ ਹੋ ਗਏ

ਸਿੰਧੀ ਨਾਲ ਪੰਜਾਬੀ ਬਲੋਚ ਸਾਰੇ,

ਤੇ ਬੰਗਾਲੀਆਂ ਨਾਲ ਪਠਾਨ ਹੋ ਗਏ

ਪੰਜੇ ਰਲੇ ਤੇ ਇਕ ਘਸੁੰਨ ਬਣਿਆ,

ਤੇ ਘਸੁੰਨ ਤੋਂ ਫੇਰ ਘਮਸਾਨ ਹੋ ਗਏ

ਮੇਰੇ ਦੇਸ ਦੀ ਪਾਕ ਸਰਹੱਦ ਉੱਤੇ,

ਵੇਖੋ ਵੈਰੀਆਂ ਦੇ ਕਬਰਸਤਾਨ ਹੋ ਗਏ

ਕਬਰਸਤਾਨ ਤਾਂ ਹੁੰਦੇ ਨੇ ਮੋਮਿਨਾਂ ਦੇ,

ਬੋਲੋ ਰਾਮ ਦੇ ਏਥੇ ਸ਼ਮਸ਼ਾਨ ਹੋ ਗਏ

ਏਦੂੰ ਵੱਧ ਕੀ ਮੋਅਜ਼ਜ਼ਾ ਹੋਰ ਹੋਣਾ,

'ਦਾਮਨ' ਜਹੇ ਦਿਲੋਂ ਮੁਸਲਮਾਨ ਹੋ ਗਏ

 

📝 ਸੋਧ ਲਈ ਭੇਜੋ