ਇਕ ਕੂੰਜ ਵਿਦਾ ਹੋਈ
ਇਕ ਪੌਣ ਜੁਦਾ ਹੋਈ
ਫੁੱਲਾਂ ਦੇ ਗਲ ਲੱਗ ਕੇ
ਅੱਜ ਮਹਿਕ ਬੜਾ ਰੋਈ
ਸਭ ਸੁੱਖ ਸਹੂਲਤ ਸੀ
ਮਮਤਾ ਦੀ ਦੌਲਤ ਸੀ
ਹੋਣੀ ਨੇ ਸੀ ਜੋ ਲਿਖਿਆ
ਆਖਿਰ ਨੂੰ ਉਹੀ ਹੋਈ
ਚਾਨਣ ਦੀਆਂ ਝਿੜਕਾਂ ਸੀ
ਬਾਬਲ ਦੀਆਂ ਝਿੜਕਾਂ ਸੀ
ਇਸ ਮਿੱਠੀ ਉਦਾਸੀ ਤੇ
ਹਰ ਰੀਝ ਫਿਦਾ ਹੋਈ
ਇਹ ਵਕਤ ਵੀ ਆਉਣੇ ਸੀ
ਘਰ ਹੋਰ ਬਣਾਉਣੇ ਸੀ
ਜਿੰਦ ਅੱਧੋ ਅੱਧ ਵੰਡਣੀ
ਇਹ ਕੇਹੀ ਸਜ਼ਾ ਹੋਈ
ਇਕ ਹੌਕਾ ਅੱਗ ਵਰਗਾ
ਇਕ ਹੌਕਾ ਜੱਗ ਵਰਗਾ
ਦੋਹਾਂ ਦੇ ਨਸੀਬ ਇੱਕੋ
ਇਹ ਕੇਹੀ ਰਜ਼ਾ ਹੋਈ
ਇਕ ਕੂੰਜ ਵਿਦਾ ਹੋਈ
ਇਕ ਪੌਣ ਜੁਦਾ ਹੋਈ
ਫੁੱਲਾਂ ਦੇ ਗਲ ਲੱਗ ਕੇ
ਅੱਜ ਮਹਿਕ ਬੜਾ ਰੋਈ