ਸਾਨੂੰ ਮਾਹੀ ਦੇ ਮੇਹਣੇ ਨਾ ਮਾਰ ।
ਨੀ ਮਾਏ ! ਰੱਬ ਕੋਲੋਂ ਡਰ ਨੀ ! ਮਾਹੀ ਦੇ ਮੇਹਣੇ ਨਾ ਮਾਰ ।
ਧੁਰ ਦਰਗਾਹੋਂ ਮੈਂ ਪੱਲੇ ਪੁਆਇਆ, ਸੋਹਣਿਆਂ ਦਾ ਸੂਬੇਦਾਰ,
ਮਾਹੀ ਮੇਰਾ ਮੁਰਸ਼ਦ, ਮਾਹੀ ਮੇਰਾ ਮੌਲਾ, ਮਾਹੀ ਤੋਂ ਜਿੰਦੜੀ ਨਿਸਾਰ ।
ਨੀ ਮਾਏ ! ਰੱਬ ਕੋਲੋਂ ਡਰ ਨੀ ! ਮਾਹੀ ਦੇ ਮੇਹਣੇ ਨਾ ਮਾਰ ।
ਪਾਕ ਪਰੀਤਾਂ ਨੂੰ ਭੰਡਨੀਏਂ ਪਾਪਣੇ ! ਅੱਖੀਆਂ ਤੋਂ ਪੱਟੀਆਂ ਉਤਾਰ ।
ਯਾਰੀਆਂ ਦੀ ਸਾਰ ਕੁਆਰੀਆਂ ਕੀ ਜਾਨਣ, ਏ ਆਸ਼ਕੀ ਹੀਰਿਆਂ ਦਾ ਹਾਰ ।
ਨੀ ਮਾਏ ! ਰੱਬ ਕੋਲੋਂ ਡਰ ਨੀ ! ਮਾਹੀ ਦੇ ਮੇਹਣੇ ਨਾ ਮਾਰ ।
ਮਾਹੀ ਨਾਲ ਫ਼ਾਹੀਆਂ ਮੈਂ ਵਟ ਵਟ ਪਾਈਆਂ, ਅੱਲਾ ਨੂੰ ਜ਼ਾਮਨ ਖੁਲ੍ਹਾਰ ।
ਜਿਹੜੇ ਰੰਗ ਰੰਗੀਆਂ, ਮੈਂ ਉਸੇ 'ਚ ਚੰਗੀਆਂ ; ਏ ਉੱਤਰੇ ਨਾ 'ਚਾਤ੍ਰਿਕ' ਖੁਮਾਰ ।
ਨੀ ਮਾਏ ! ਰੱਬ ਕੋਲੋਂ ਡਰ ਨੀ ! ਮਾਹੀ ਦੇ ਮੇਹਣੇ ਨਾ ਮਾਰ ।