ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ,
ਭਰੇ ਝਨਾਂ ਨੂੰ ਚੀਰ ਕੇ, ਤੇਰੀ ਖ਼ੈਰ ਮਨਾਵਾਂ।
ਝੰਗ ਦੇ ਵਿਛੜੇ ਮੇਲਿਆਂ
ਵਿਚ ਪੈੜ ਹੈ ਮੇਰੀ
ਦੂਰ ਦੁਰਾਡੇ ਲਸ਼ਕਰਾਂ
ਸਿਰਿ ਗਹਿਰ ਹੈ ਮੇਰੀ
ਇੱਕੋ ਇਕ ਮੁਕਾਮ ਤੋਂ
ਸੱਦ ਪੈਂਦੀ ਤੇਰੀ—
ਉੱਚੇ ਚੜ੍ਹ ਕੇ ਵੇਖਿਆ, ਕਿਤੇ ਦਿਸਣ ਝਨਾਵਾਂ !
ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ।
ਨੌਬਤ ਵੱਜੀ ਜਦੋਂ ਤੋਂ
ਕੋਈ ਹਾਲ ਨ ਸਾਡਾ,
ਕਾਸਾ ਰੂਹ ਦਰਵੇਸ਼ ਦਾ
ਅਜੇ ਬਹੁਤ ਦੁਰਾਡਾ,
ਡੁੱਬਿਆ ਸੀਨੇ ਥਲਾਂ ਦੇ
ਲੋਹ-ਲਸ਼ਕਰ ਡਾਢਾ,
ਚੰਨ ਦਾ ਟੁਕੜਾ ਹਸ਼ਰ ਨੂੰ, ਵਿਚ ਤਾਜ ਸਜਾਵਾਂ—
ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ।
ਮੱਝੀਂ ਸੁੰਞੇ ਘਰਾਂ ਵਲ
ਬਿਨ ਚਾਕ ਦੇ ਗਈਆਂ,
ਆਈਆਂ ਫੇਰ ਨ ਪਰਤ ਕੇ
ਜੋ ਖੇਡਣ ਗਈਆਂ,
ਕੂੰਜਾਂ ਵਿੰਨ੍ਹੀਆਂ ਟਿੱਬਿਆਂ
'ਤੇ ਰੋਵਣ ਪਈਆਂ,
ਸਈਓ ਕੌਲ ਫ਼ਕੀਰ ਦਾ, ਕਿਤੇ ਵਿਸਰ ਨਾ ਜਾਵਾਂ !
ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ।
ਹੱਜ ਦੇ ਬੂਹੇ ਕੂਕਿਆ
ਬੇਦੋਸ਼ ਨਿਹੱਥਾ,
ਰੁਲਿਆ ਥਲਾਂ 'ਚ ਨਬੀ ਦਾ
ਬੇਨੂਰ ਹੋ ਮੱਥਾ,
ਲੰਮਾ ਦਰਦ ਫ਼ਕੀਰ ਦਾ
ਕਿਸ ਪਾਸੇ ਲੱਥਾ ?
ਝੰਗ ਦੇ ਵਿਛੜੇ ਮੇਲਿਆਂ, ਦਾ ਤੋਸ਼ਾ ਚਾਵਾਂ-
ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ।
ਸੁੱਤਾ ਰੰਗ ਕਸੁੰਭ ਦਾ
ਮੇਰੇ ਚੂੜੇ ਸੂਹੇ,
ਯਾਰਾ ਬੋਲ ਕਬੋਲ ਨਾ
ਮੇਰੇ ਝੰਗ ਦੀ ਜੂਹੇ,
ਧੰਮੀ ਵੇਲੇ ਝਨਾਂ ਦੀ
ਸੱਦ ਸੁਣਦੀ ਬੂਹੇ,
ਸਹਿਮੀ ਧੂੜ 'ਤੇ ਚਮਕਣਾ, ਚੰਨ ਈਦ ਦਾ ਸਾਵਾਂ-
ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ।
ਸਹਿਮੀ ਧੂੜ 'ਚੋਂ ਨਿਕਲਣਾ
ਮੇਰੇ ਬਾਜ਼ ਨੇ ਹਾਲੇ,
ਧੂੜਾਂ ਵਾਲੇ ਖੰਭ 'ਤੇ
ਮੇਰੇ ਗੁਰਾਂ ਦੇ ਛਾਲੇ,
ਸਈਓ ਅਸੀਂ ਵਿਗਾਸੀਆਂ
ਪਰ ਛੋਹ ਅਣਿਆਲੇ !
ਨੌਬਤ ਵੱਜਦੀ, ਬਾਗ਼ ਵਲ, ਮੈਂ ਖੇਡਣ ਜਾਵਾਂ-
ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ।
ਰੰਗ ਕਸੁੰਭਾ ਡਿੱਗਦਾ
ਮੇਰੇ ਬਾਗ਼ ਦੀ ਛਾਵੇਂ,
ਚਰਖ ਦੇ ਪੁਰਜ਼ੇ ਡਿੱਗਦੇ
ਮੇਰੀ ਨਜ਼ਰ ਦੇ ਸਾਹਵੇਂ,
ਉੱਠ ਗਏ ਮੇਰੇ ਗਵਾਹ ਨੇ
ਪਾ ਰਾਹ 'ਤੇ ਨਾਵੇਂ,
ਰੋ ਕੇ ਤੈਨੂੰ ਸੱਦਿਆ, ਮੇਰੇ ਸ਼ਹਿਰ ਗਿਰਾਵਾਂ—
ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ।
ਮੁੱਢ ਕਦੀਮ ਦੇ ਪੱਤਣੀਂ
ਬਹਿ ਮਾਵਾਂ ਰੋਈਆਂ,
ਮੱਖਣੀ ਪਾਲੇ ਪੁੱਤਰਾਂ
ਬਿਨ ਮੱਝਾਂ ਮੋਈਆਂ,
ਕੁਝ ਵੀ ਰਿਹਾ ਨ ਵਾਟ 'ਤੇ
ਨ ਸੁੰਨ ਨ ਰੋਹੀਆਂ !
ਰੋਂਦਾ ਮੁਲਖ ਪੰਜਾਬ ਦਾ, ਕਰ ਖੜੀਆਂ ਬਾਹਵਾਂ-
ਝੰਗ ਦੇ ਬੇਲੇ ਸੋਹਣਿਆਂ, ਤੈਨੂੰ ਯਾਰ ਬਣਾਵਾਂ।
ਭਰੇ ਝਨਾਂ ਨੂੰ ਚੀਰ ਕੇ, ਤੇਰੀ ਖ਼ੈਰ ਮਨਾਵਾਂ।