ਮਾਹੀ ਮੇਰਾ ਸ਼ੇਰ

ਮਾਹੀ ਮੇਰਾ ਸ਼ੇਰ ਜਾਪਦਾ

ਜਦ ਕਰ ਕੇ ਪਰੇਟ ਘਰ ਆਵੇ

ਕਦੇ ਨੀ ਗਰੇਜੀ ਬੋਲਦਾ

ਕਦੇ ਜੰਗ ਦੀਆਂ ਕ੍ਹਾਣੀਆਂ ਸੁਣਾਵੇ

ਰਾਤੀਂ ਮੇਰੇ ਕੋਲ ਬਹਿ ਗਿਆ

ਗੱਲ ਕਰਦੀ ਨੂੰ ਆਵੇ ਡਾਢੀ ਸੰਗ ਨੀ

ਉੱਠਦੀ ਬਾਂਹ ਫੜ ਕੇ

ਮਾਰ ਖਿੱਚਾ ਮੇਰੀ ਤੋੜ ਦਿੱਤੀ ਵੰਗ ਨੀ

ਮੈਨੂੰ ਕਹਿੰਦਾ ਗਾ ਨੀ ਬੱਲੀਏ

ਆਪ ਬੁੱਲ੍ਹਾਂ ਨਾਲ ਢੋਲਕੀ ਵਜਾਵੇ

ਮਾਹੀ ਮੇਰਾ ਸ਼ੇਰ ਜਾਪਦਾ…।

ਵੇਖ ਵੇਖ ਉਹਨੂੰ ਹੱਸਦਾ

ਗੱਲ੍ਹਾਂ ਸੂਹੀਆਂ ਹੋਣ ਮੇਰੀਆਂ ਸੰਧੂਰੀਆਂ

ਕਦੇ ਨਹੀਉਂ ਮੰਦਾ ਬੋਲਦਾ

ਕਦੇ ਮੱਥੇ ਉੱਤੇ ਪਾਉਂਦਾ ਨਹੀਉਂ ਘੂਰੀਆਂ

ਅੱਜ ਕਹਿੰਦਾ ਮੇਲੇ ਚੱਲੀਏ

ਹਾਲੇ ਕੱਲ੍ਹ ਤਾਂ ਆਈ ਆਂ ਮੁਕਲਾਵੇ

ਮਾਹੀ ਮੇਰਾ ਸ਼ੇਰ ਜਾਪਦਾ…।

ਜਦੋਂ ਕਿਤੇ ਕਦੇ ਵੀ

ਮੈਂ ਉਹਦੇ ਨਾਲ ਰੁੱਸੀਆਂ

ਦਵੇ ਨੀ ਡਰਾਵਾ

ਆਖੇ ਮੁੱਕ ਗਈਆਂ ਛੁੱਟੀਆਂ

ਫੜ ਕੇ ਟਰੰਕੀ ਨੂੰ

ਪਾ ਕੇ ਵਰਦੀ ਤਿਆਰ ਹੋ ਜਾਵੇ

ਮਾਹੀ ਮੇਰਾ ਸ਼ੇਰ ਜਾਪਦਾ

ਜਦ ਕਰ ਕੇ ਪਰੇਟ ਘਰ ਆਵੇ

📝 ਸੋਧ ਲਈ ਭੇਜੋ