ਮੈਂ ਬਣਾਂ ਤਾਰਾ ਜਾਂ ਕੋਈ ਫੁੱਲ, ਜਾਂ ਪੱਥਰ ਬਣਾਂ ।
ਮੌਤ ਆਵੇ ਜੇ ਪਰਾਏ ਤਰਸ ਦਾ ਪਾਤਰ ਬਣਾਂ।
ਹਸਰਤਾਂ ਅਣਗਿਣਤ ਨੇ ਤੇ ਰੀਝ ਹੈ ਇੱਕੋ ਮੇਰੀ,
ਤੂੰ ਬਣੇਂ ਕੁਦਰਤ ਮੇਰੀ ਤੇ ਮੈਂ ਤੇਰਾ ਕਾਦਰ ਬਣਾਂ ।
ਉਹ ਕਦੀ ਅਲ੍ਹਾ, ਕਦੀ ਅਲ੍ਹਾ ਦਾ ਬੰਦਾ ਜਾਪਦੈ,
ਸਮਝ ਨਹੀਂ ਆਉਂਦੀ ਕਿ ਮੈਂ ਸਜਦਾ ਬਣਾਂ ਕਿ ਦਰ ਬਣਾਂ ।
ਰੁੱਤ ਗਿੱਧਿਆਂ ਦੀ ਜੇ ਮੁੜ ਆਵੇ ਤਾਂ ਹੋ ਕੇ ਬਾਵਰਾ,
ਜਦ ਸਮਾਂ ਨੱਚੇ ਮੈਂ ਉਸ ਦੇ ਪੈਰ ਦੀ ਝਾਂਜਰ ਬਣਾਂ।
ਲੋਚ ਹੈ ਮੇਰੀ ਕਿ ਹੋ ਜਾਵੇ ਮੇਰੀ ਹਸਤੀ ਵਿਸ਼ਾਲ,
ਜਤਨ ਹੈ ਮੇਰਾ ਕਿ ਸਭ ਸੁਆਲਾਂ ਦਾ ਮੈਂ ਉੱਤਰ ਬਣਾਂ ।
ਤੂੰ ਮੇਰੇ ਹੋਠਾਂ ਲਈ ਰੇਤਾ ਸਹੀ, ਸਹਿਰਾ ਸਹੀ,
ਆ ਕਿ ਮੈਂ ਤੇਰੇ ਲਈ ਦਰਿਆ ਬਣਾਂ, ਸਾਗਰ ਬਣਾਂ ।