ਮੈਂ ਬੇਸ਼ੱਕ ਪ੍ਰਭਾਤ ਨਹੀਂ ਹਾਂ।
ਫਿਰ ਵੀ ਕਾਲੀ ਰਾਤ ਨਹੀਂ ਹਾਂ।
ਸਾਥ ਦਿਆਂਗਾ ਤੇਰਾ ਕਿੱਦਾਂ,
ਮੈਂ ਖ਼ੁਦ ਆਪਣੇ ਸਾਥ ਨਹੀਂ ਹਾਂ।
ਮੈਂ ਦੁੱਖਾਂ ਦਾ ਪਰਛਾਵਾਂ ਹਾਂ,
ਖ਼ੁਸ਼ੀਆਂ ਦੀ ਸੌਗ਼ਾਤ ਨਹੀਂ ਹਾਂ।
ਜੋ ਧਰਤੀ ਨੂੰ ਪਿਆਸਾ ਰੱਖੇ,
ਮੈਂ ਐਸੀ ਬਰਸਾਤ ਨਹੀਂ ਹਾਂ।
ਮੈਂ ਸ਼ਤਰੰਜ ਦੀ ਅਦਭੁਤ ਬਾਜ਼ੀ,
ਮਾਤ ਵੀ ਹਾਂ ਤੇ ਮਾਤ ਨਹੀਂ ਹਾਂ।