ਮੈਂ ਦਰਦ-ਕਹਾਣੀ ਰਾਤਾਂ ਦੀ
ਮੈਨੂੰ ਕੋਈ ਸਵੇਰਾ ਕੀ ਜਾਣੇ ?
ਜੋ ਰਾਤ ਪਈ ਸੌਂ ਜਾਂਦਾ ਹੈ
ਉਹ ਪੰਧ ਲੰਮੇਰਾ ਕੀ ਜਾਣੇ ?
ਪਤਝੜ ਦੀ ਹਿੱਸਦੀ ਪੀੜਾ ਹਾਂ
ਇਹਨੂੰ ਮਸਤ-ਬਹਾਰਾਂ ਕੀ ਸਮਝਣ ।
ਮੈਂ ਪਿਆਸ ਕਿਸੇ ਵਿਰਾਨੇ ਦੀ
ਇਹਨੂੰ ਸੌਣ-ਫੁਹਾਰਾਂ ਕੀ ਸਮਝਣ ।
ਮੇਰਾ ਘਰ ਮਾਰੂ-ਤੂਫ਼ਾਨਾਂ 'ਤੇ
ਕੰਢੇ ਦਾ ਬਸੇਰਾ ਕੀ ਜਾਣੇ ?
ਮੈਂ ਹਿਜਰ ਦੀ ਧੁਖਦੀ ਅਗਨੀ ਹਾਂ,
ਇਹਨੂੰ ਕੋਈ ਵਿਯੋਗੀ ਹੀ ਸਮਝੇ ।
ਸੱਧਰਾਂ ਦੀ ਰਾਖ ਦੀ ਢੇਰੀ ਹਾਂ,
ਇਹਨੂੰ ਪਿਆਰ ਦਾ ਜੋਗੀ ਹੀ ਸਮਝੇ ।
ਮੇਰੀ ਮੰਜ਼ਿਲ ਹੀਰ ਸਿਆਲਾਂ ਦੀ
ਗੋਰਖ ਦਾ ਡੇਰਾ ਕੀ ਜਾਣੇ ?
ਮੈਂ ਵਿਧਵਾ ਹੋਈ ਸੱਧਰ ਹਾਂ
ਤੇ ਭਟਕ ਰਿਹਾ ਅਰਮਾਨ ਕੋਈ ।
ਅਰਸ਼ਾਂ 'ਚੋਂ ਟੁੱਟਿਆ ਤਾਰਾ ਹਾਂ
ਮੈਂ ਟੋਲ ਰਿਹਾ ਅਸਮਾਨ ਕੋਈ ।
ਇਹ ਭੇਤ ਜਲਣ ਦਾ, ਬੁਝਣੇ ਦਾ,
ਮੱਸਿਆ ਦਾ ਹਨੇਰਾ ਕੀ ਜਾਣੇ ?
ਮੈਂ ਦੀਪਕ ਰਾਗ ਦੀ ਲੈਅ ਕੋਈ
ਕੀ ਸਮਝੇ ਰਾਗ ਮਲ੍ਹਾਰਾਂ ਦਾ;
ਮੈਂ ਤ੍ਰੇਲ ਕਿਸੇ ਦੇ ਨੈਣਾਂ ਦੀ,
ਕੀ ਸਮਝੇ ਫੁੱਲ ਬਹਾਰਾਂ ਦਾ ।
ਜਿਹਨੂੰ ਹਰ ਥਾਂ ਅਪਣਾ ਰੱਬ ਦਿਸਦਾ
ਉਹ ਤੇਰਾ ਮੇਰਾ ਕੀ ਜਾਣੇ ?
ਮੈਂ ਹੰਝੂਆਂ ਦਾ ਪਾਗਲਪਣ ਹਾਂ
ਮੈਂ ਆਸ ਕਿਸੇ ਵੀਰਾਨੇ ਦੀ,
ਘੁੰਮਦਾ ਆਵਾਰਾ ਬੱਦਲ ਹਾਂ
ਮੈਂ ਮਸਤੀ ਹਾਂ ਮਸਤਾਨੇ ਦੀ ।
ਜੋ ਖ਼ੁਸ਼ੀ ਹੈ ਲੁੱਟੇ ਜਾਵਣ ਦੀ
ਉਹਨੂੰ ਕੋਈ ਲੁਟੇਰਾ ਕੀ ਜਾਣੇ ?
ਮੈਂ ਦਰਦ-ਕਹਾਣੀ ਰਾਤਾਂ ਦੀ
ਮੈਨੂੰ ਕੋਈ ਸਵੇਰਾ ਕੀ ਜਾਣੇ ?
ਜੋ ਰਾਤ ਪਈ ਸੌਂ ਜਾਂਦਾ ਹੈ
ਉਹ ਪੰਧ ਲੰਮੇਰਾ ਕੀ ਜਾਣੇ ?