ਮੈਂ ਘਾਹ ਹਾਂ

ਧਰਤੀ ਦੇ ਆਸ ਪਾਸ

ਮਿੱਟੀ ਦੇ ਕੋਲ਼ ਕੋਲ਼ ਰਹਿੰਦਾ

ਮੈਂ ਘਾਹ ਹਾਂ

ਨਾ ਸਰੂ ਸਫ਼ੈਦਿਆਂ  ਵਾਂਗ

ਉੱਚੇ ਆਕਾਸ਼ ਛੂਹਣ ਦੀ ਖ਼ਾਹਸ਼

ਨਾ ਪਿੱਪਲ ਬਰੋਟਿਆਂ ਦੀਆਂ ਜੜ੍ਹਾਂ ਵਾਂਗ

ਬਹੁਤਾ ਡੂੰਘਾ ਪਤਾਲ ਵਿੱਚ ਉਤਰਨ ਦੀ ਤਾਂਘ

ਮੇਰੀ ਹੋਂਦ ਦਾ ਮਕਸਦ ਵਧਣਾ ਨਹੀ

ਸਿਰਫ਼ ਹੋਣਾ ਹੈ

ਧਰਤੀ ਦੇ ਆਸ ਪਾਸ

ਮਿੱਟੀ ਦੇ ਕੋਲ਼  ਕੋਲ਼ 

ਮੈਂ ਨਾ ਜ਼ਿਆਦਾ ਗਗਨਚੁੰਬੀ  ਬਣਕੇ

ਦਰਸ਼ਨੀ ਬਣਕੇ ਪ੍ਰਦਰਸ਼ਨੀ ਕਰਦਾ ਹਾਂ

ਨਾ ਨਿਵਾਣਾ 'ਚ ਗ਼ਰਕਦਾ ਹਾਂ

ਮੈਂ ਖੇਤਾਂ ਖਲਿਆਨਾ 'ਚ

ਜੰਗਲਾਂ ਬੀਆਬਾਨਾ 'ਚ

ਬੇਅਬਾਦ ਰਾਹਵਾਂ

ਬੇਚਿਰਾਗ਼ ਪਿੰਡਾਂ ਥਾਂਵਾਂ

ਦੂਰ ਦੁਮੇਲਾਂ ਤੀਕ

ਸਭ ਪਾਸੇ ਉੱਗਦਾ ਵਧਦਾ ਰਹਿੰਦਾ ਹਾਂ

ਧਰਤੀ ਦੇ ਉੱਤੇ ਉੱਤੇ

ਮਿੱਟੀ ਦੇ ਨਾਲ਼  ਨਾਲ਼ 

ਤੇ ਸਾਰੇ ਦੇ ਸਾਰੇ ਨੀਲੇ ਅੰਬਰ ਦਾ

ਚੰਦੋਆ ਆਪਣੇ ਉੱਤੇ ਤਾਣ ਲੈਂਦਾ ਹਾਂ

ਮੈਂ ਇੰਜ ਹੀ ਜ਼ਿੰਦਗੀ ਮਾਣ ਲੈਂਦਾ ਹਾਂ

ਮੈਂ ਘਾਹ ਹਾਂ

📝 ਸੋਧ ਲਈ ਭੇਜੋ