ਮੈਂ ਹਵਾ ਹਾਂ ਮੈਂ ਤੇਰਾ ਪਤਾ ਹਾਂ
ਆਪਣਾ ਘਰ ਹੀ ਮਗ਼ਰ ਭੁੱਲ ਗਿਆ ਹਾਂ।
ਸੋਚ ਤੇਰੀ ’ਚ ਕਿਉਂ ਬੇਵਫਾ ਹਾਂ
ਮੈਂ ਤੇਰਾ ਹਾਂ ਤੇਰਾ ਹਾਂ ਤੇਰਾ ਹਾਂ।
ਆਸਥਾ ਵਿੱਚ ਮੈਂ ਪੂਰਾ ਮਿਲਾਂਗਾ
ਆਸਥਾ ਬਿਨ ਅਧੂਰਾ ਜਿਹਾ ਹਾਂ।
ਰਹਿਣ ਦੇ ਚੁੱਪ ਚੁਪੀਤਾ ਹੀ ਮੈਨੂੰ
ਮੈਂ ਕਹਾਣੀ ਹਾਂ ਲੰਬੀ ਕਥਾ ਹਾਂ।
ਮੈਨੂੰ ਪੱਥਰ ਹੀ ਘੜਿਆ ਨਾ ਜਾਣੀ
ਜੀਂਵਦੀ ਜਾਗਦੀ ਇੱਕ ਕਲਾ ਹਾਂ।
ਲਿਸ਼ਕ ਸੋਨੇ ਦੀ ਤੇ ਹੀ ਨਾ ਜਾਵੀਂ
ਤਪ ਤਪ ਕੇ ਮੈਂ ਹੋਇਆ ਖਰਾ ਹਾਂ।
ਹੋ ਕੇ ਮੇਰਾ ਤੂੰ ਮੈਨੂੰ ਨਾ ਜਾਣੇ
ਏਸ ਕਰਕੇ ਮੈਂ ਥੋੜਾ ਖ਼ਫ਼ਾ ਹਾਂ।
ਉਮਰ ਮਿਲਦੇ ਵਿਛੜਦੇ ਗੁਜ਼ਾਰੀ
ਦੋਸਤੀ ਦਾ ਅਟੁੱਟ ਸਿਲਸਿਲਾ ਹਾਂ।
ਨੀਰ ਹਾਂ ਗੀਤ ਮੇਰੇ ਤੇ ਨਾ ਲਿਖ
ਮਿੱਟ ਜਾਂਗਾ ਮੈਂ ਕੋਰਾ ਸਫ਼ਾ ਹਾਂ।
ਧੌਂਸ ਪੈਸੇ ਦੀ ਕਿਸ ਨੂੰ ਵਖਾਵੇਂ
ਮੈਂ ਸਬਰ ਹਾਂ ਗਰੀਬੀ ਗ਼ਦਾ ਹਾਂ।
ਮੈਂ ਮਨੁੱਖ ਹਾਂ ਇਹ ਮੇਰੀ ਸਜ਼ਾ ਹੈ
ਸਾਂਭ ਕੇ ਮੈਂ ਵੀ ਬੈਠਾ ਖ਼ੁਦਾ ਹਾਂ।
ਨਾਲ ਫੁੱਲਾਂ ਦੇ ਰਹਿੰਦਾ ਹਾਂ ‘ਉੱਪਲ’
ਕਿਉਂ ਭਲਾ! ਫਿਰ ਵੀ ਕੰਡੇ ਜੇਹਾ ਹਾਂ।