ਬੰਦਾ ਹਾਂ, ਫਰਿਸ਼ਤਾ ਨਹੀਂ ਬੇਸ਼ੱਕ
ਕਿਉਂ ਨਾ ਮੈਂ ਸਤਿਕਾਰਿਆ ਜਾਵਾਂ।
ਰਗ ਰਗ ਦੇ ਵਿੱਚ ਵਫ਼ਾਦਾਰੀਆਂ
ਕਿਉਂ ਭਲਾ ਦੁਰਕਾਰਿਆ ਜਾਵਾਂ।
ਜੁਗੰਤਰ ਸਮਿਆਂ ਘੜਿਆ ਮੈਨੂੰ
ਫਿਰ ਮੈਂ ਕਿਉਂ ਪੁਚਕਾਰਿਆ ਜਾਵਾਂ।
ਸਭ ਜੂਨਾਂ ਤੇ ਸਰਦਾਰੀ ਮੇਰੀ
ਕਿਉਂ ਭਲਾ ਫਿਟਕਾਰਿਆ ਜਾਵਾਂ।
ਮੇਰੇ ਹੱਥ ਪਰਚਮ ਖ਼ਾਲਿਕ ਦਾ,
ਮੈਂ ਖ਼ਲਕਤ ਤਾਈਂ ਨਿਹਾਰਿਆ ਜਾਵਾਂ।
ਜੁਗ ਜੁਗ ਜੀਵੋ ਜੀਵਣ ਦੇਵੋ
ਕਿਉਂ ਮੈਂ ਸੂਲੀ ਚਾੜ੍ਹਿਆ ਜਾਵਾਂ।
ਇੱਕ ਪਿਤਾ ਦੇ ਜੇ ਸਭ ਬੱਚੇ
ਮੈਂ ਹੀ ਕਿਉਂ ਲਤਾੜਿਆ ਜਾਵਾਂ।
‘ਉੱਪਲ’ ਉੱਠ ਸੰਭਾਲੋ ਵਿਰਸਾ
ਤਾਂ ਕਿ, ਮੈਂ ਵੀ ਪਿਆਰਿਆ ਜਾਵਾਂ।