ਮੈਂ ਇਕੱਲਾ ਤੇ ਨਹੀਂ ਹਾਂ

ਮੈਂ ਇਕੱਲਾ ਤੇ ਨਹੀਂ ਹਾਂ 

ਮੇਰੀ ਮਹਿਬੂਬ 

ਤੂੰ ਕੁਝ ਗ਼ਮ ਨਾ ਕਰ 

ਵੇਖ ਮੇਰੇ ਨਾਲ

ਮੇਰੀ ਜਿੰਦਗੀ ਦੇ ਪੈਂਡਿਆਂ ਵਿਚ

ਅਰਧ ਯਾਰਾਂ ਦਾ ਕਿਵੇਂ 

ਇੱਕ ਕਾਫਲਾ ਚਲਦਾ ਪਿਆ ਹੈ

ਯਾਰ !

ਜੋ ਚੰਚਲ ਪਲਾਂ ਵਿਚ

ਸਾਵੀਆਂ ਤੇ ਪੀਲੀਆਂ

ਚੁੰਨੀਆਂ ਦੀ ਰੰਗਲੀ ਬਾਤ ਪਾਉਂਦੇ 

ਜਾਂ ਕਿਸੇ ਕਲਪਿਤ ਜਿਹੇ ਮਹਿਬੂਬ ਦੇ 

ਚਰਚੇ ਚੋਂ ਖੁਦ ਨੂੰ ਭਾਲਦੇ

ਜਾਂ ਕਿਸੇ ਅਸ਼ਲੀਲ ਘਟਨਾ ਦਾ 

ਮੁਲਾਂਕਣ ਕਰਦਿਆਂ

ਟਪਕਦੇ ਅੰਬਾਂ ਜਿਹੇ ਲਫਜਾਂ ਨੂੰ 

ਮੁੜ ਮੁੜ ਚੂਸਦੇ

ਯਾਰ !

ਜੋ ਭਾਵੁਕ ਪਲਾਂ ਵਿਚ 

ਇਨਕਲਾਬਾਂ ਦੀ ਕਥਾ ਵੀ 

ਛੇੜ ਬਹਿੰਦੇ ਨੇ ਕਦੀ 

ਜਦ ਕਦੀ ਹੋਵੇ ਸ਼ਹਾਦਤ ਦਾ

ਜ਼ਿਕਰ ਜਾਂ

ਜ਼ਹਿਰ ਦੇ ਡੀਕਣ ਦੀ

ਗੱਲ ਛੇੜੇ ਕੋਈ ਤਾਂ

ਕਲਪਨਾਂ ਵਿਚ ਰੋਲ

ਕਰ ਜਾਂਦੇ ਅਦਾ ਸੁਕਰਾਤ ਦਾ

ਪਰ ਅੰਤ ਆਪਣੇ 

ਰਾਹ ਦੀਆਂ ਕੰਧਾਂ ਗਿਣਾ ਕੇ

ਬੁਜਦਿਲੀ ਪਹਿਣੀ 

ਘਰਾਂ ਨੂੰ ਪਰਤਦੇ

ਮੈਂ ਇਕੱਲਾ ਤੇ ਨਹੀਂ ਹਾਂ 

ਮੇਰੀ ਮਹਿਬੂਬ 

ਤੂੰ ਕੁਝ ਗ਼ਮ ਨਾ ਕਰ

📝 ਸੋਧ ਲਈ ਭੇਜੋ