ਮੈਂ ਇੰਤਜ਼ਾਰ ਕਰਾਂਗੀ

ਬਰਫ਼ ਦੇ ਸ਼ਹਿਰ 'ਚੋਂ ਲੰਘ ਰਹੀ ਸਾਂ, 

ਕੀ ਵੇਖਦੀ ਹਾਂ 

ਕਿ ਉਸ ਦੀ ਬੰਸਰੀ 'ਚੋਂ 

ਸੁਰ ਹੀ ਗ਼ਾਇਬ ਹਨ !

ਜ਼ਰਾ ਅੱਗੇ ਵਧੀ, 

ਤਾਂ ਇਸ ਸ਼ਹਿਰ ਦੀ ਤਿਲ੍ਹਕਣਬਾਜ਼ੀ 'ਚ 

ਮੈਂ ਆਪਣੇ ਗੀਤ ਗੁਆ ਆਈ !

ਹੋਰ ਅੱਗੇ ਵਧੀ 

ਤਾਂ ਕੁਝ ਬੂਹਿਆਂ 'ਤੇ 

ਉੱਕਰਿਆ ਹੋਇਆ ਸੀ ਕਿ

ਇਹਨਾਂ ਦਰਾਂ 'ਤੇ ਸਜਦਾ ਕਰੋਗੇ

ਤਾਂ ਤੁਹਾਡੇ ਕੱਦ ਵਧਾ ਦਿੱਤੇ ਜਾਣਗੇ !

ਕਿਉਂ ਕਰਦੀ ਸਜਦੇ ??

ਮੈਂ ਬਰਫ਼ ਦੀਆਂ ਕੰਧਾਂ ਠੋਰਨ ਤੁਰ ਪਈ,

ਇਕ ਬੇਰਹਿਮ ਖ਼ਾਮੋਸ਼ੀ 

ਪੱਸਰੀ ਹੋਈ ਸੀ ਆਰ-ਪਾਰ !

ਉਹ ਤਾਂ ਆਰਸੀਆਂ ਕੋਲੋਂ ਵੀ ਨਹੀਂ ਸਨ ਡਰਦੇ 

ਇਕ ਝੂਠਾ ਦਾਅਵਾ ਘੜ ਲੈਂਦੇ ਸਨ ਬੇਖ਼ੌਫ਼ !

ਰੋਜ਼ ਚੌਂਕ 'ਚ ਖੜ੍ਹੇ ਗਿਰਜੇ 'ਚੋਂ 

ਇਕ ਆਵਾਜ਼ ਉਭਰਦੀ ਸੀ ਕਿ 

ਸੱਚ-

ਤੁਹਾਡੇ ਸ਼ੀਸ਼ੇ ਦੇ ਘਰਾਂ 'ਚੋਂ ਨਿੱਕਲ਼ ਕੇ 

ਸ਼ਹਿਰ ਦੇ ਚੌਰਾਹੇ 'ਚ 

ਨੰਗਾ ਨੱਚ ਰਿਹੈ 

ਜੇ ਚਾਹੋ ਤਾਂ ਅੰਦਰ ਕੇ 

ਕਨਫ਼ੈਸ਼ਨ ਕਰ ਸਕਦੇ ਹੋ

ਪਰ ਉਹ ਆਪਣੇ ਸਿਰਾਂ 'ਤੇ 

ਕਲਗ਼ੀਆਂ ਲਾ,

ਚਾਨਣ-ਮੁਨਾਰੇ ਬਣ, 

ਹੱਥਾਂ ਮਸ਼ਾਲਾਂ ਫੜ,

ਦਿਗਦਰਸ਼ਕ ਬਣ ਕੇ ਸਜੇ ਰਹੇ

ਇਹ ਸ਼ਹਿਰ ਮੈਨੂੰ 

ਬਰਫ਼ੀਲਾ ਮਾਰੂਥਲ ਜਾਪਿਆ ਹੈ-

ਬਹੁਤ ਖ਼ੂਬਸੂਰਤ ਹੈ ਕਕਰੀਲੀ ਰੇਤ

ਬਹੁਤ ਚਮਕਦੀ ਹੈ ਅਬਰਕ

ਪਰ ਇਥੇ ਕਵਿਤਾ ਦਮ ਤੋੜ ਦਿੰਦੀ ਹੈ !

ਦੋਸਤੀ ਦੀ ਕੋਈ ਫ਼ਸਲ ਵੀ ਤਾਂ 

ਨਹੀਂ ਉੱਗਦੀ ਇੱਥੇ !

ਅਕਸਰ ਵੜ ਸਕਦੀ ਸਾਂ ਆਪਣੇ ਅੰਦਰ

ਲੱਭ ਪੈਂਦਾ ਸੀ ਖ਼ਲਾਅ

ਉਸ ਖ਼ਲਾਅ 'ਚੋਂ 

ਲੱਭ ਪੈਂਦੀਆਂ ਸਨ ਕੁਝ ਨਜ਼ਮਾਂ

ਹੁਣ ਜਦ ਵੀ ਬੰਸਰੀ ਦੀ ਹੂਕ ਸੁਣਦੀ ਹਾਂ-

ਪੂਰੇ ਦਾ ਪੂਰਾ ਜੰਗਲ 

ਭੱਜਿਆ ਆਉਂਦਾ ਹੈ ਮੇਰੇ ਅੰਦਰ

ਲੱਭਦਾ ਹੋਇਆ 

ਆਪਣੀ ਗੁਆਚੀ ਹੋਈ ਬੰਸਰੀ!

ਕਮਲ਼ਾ ਨਹੀਂ ਜਾਣਦਾ ਕਿ 

ਬਹੁਤ ਕੁਝ ਜੰਮ ਜਾਂਦੈ

ਬਰਫ਼ੀਲੇ ਮੌਸਮਾਂ ਅੰਦਰ, 

ਦੱਬੀਆਂ ਵਸਤਾਂ ਲੱਭਣ ਲਈ 

ਬਰਫ਼ ਪਿਘਲਣ ਦਾ 

ਇੰਤਜ਼ਾਰ ਕਰਨਾ ਪੈਂਦੈ

ਮੈਂ ਬਰਫ਼ ਪਿਘਲਣ ਤੱਕ 

ਇੰਤਜ਼ਾਰ ਕਰਾਂਗੀ!

📝 ਸੋਧ ਲਈ ਭੇਜੋ