ਮੈਂ ਜਾਣੂੰ ਅਨਜਾਣ ਵੇ ਲੋਕਾ
ਮੈਂ ਜਾਣੂੰ ਅਨਜਾਣ
ਧਰਤ ਘੜੋਲੀ ਸਿਰ 'ਤੇ ਕਾਇਮ
ਪੈਰਾਂ ਹੇਠ ਅਸਮਾਨ
ਵੇ ਲੋਕਾ ! ਮੈਂ ਜਾਣੂੰ ਅਨਜਾਣ
ਸਾਰੇ ਦੇਂਹ ਦੀ ਕਾਰ ਉਸਾਰੀ
ਰਾਤੀਂ ਕੀਤਮ ਢਾਨ
ਵੇ ਲੋਕਾ! ਮੈਂ ਜਾਣੂੰ ਅਨਜਾਣ
ਮਨਸ, ਪੱਖੀ, ਰੁੱਖ, ਢੋਰ ਸੱਭੋ ਈ
ਜੂਨੋ ਜੂਨ ਸਮਾਨ
ਵੇ ਲੋਕਾ! ਮੈਂ ਜਾਣੂੰ ਅਨਜਾਣ
ਆਪਣੀ ਆਪ ਸਿਹਾਣ ਬਿਨਾ ਹੈ
ਕੂੜੋ ਕੂੜ ਗਿਆਨ
ਵੇ ਲੋਕਾ! ਮੈਂ ਜਾਣੂੰ ਅਨਜਾਣ
ਕੁਲ ਖ਼ੁਦਾਈ, ਜੋ, ਹੈ “ਉਹ” ਹੈ
ਮੇਰੀ ਜਿੰਦ ਨਿਸ਼ਾਨ
ਵੇ ਲੋਕਾ! ਮੈਂ ਜਾਣੂੰ ਅਨਜਾਣ
ਮੇਰੇ ਸਾਹ ਦੇ ਸ਼ੌਹ ਦਰਿਆਈਂ
ਮੌਤ ਕਰੇ ਇਸ਼ਨਾਨ
ਵੇ ਲੋਕਾ! ਮੈਂ ਜਾਣੂੰ ਅਨਜਾਣ
ਨਾ ਅੱਲ੍ਹਾ, ਨਾ ਰਾਮ ਕਹਾਣੀ
ਕੁਦਰਤ ਵਿੱਚ ਧਿਆਨ
ਵੇ ਲੋਕਾ! ਮੈਂ ਜਾਣੂੰ ਅਨਜਾਣ