ਮੈਂ ਜਦ ਵੀ ਭਾਲਣ ਗੀਤ ਗਿਆ

ਮੈਂ ਜਦ ਵੀ ਭਾਲਣ ਗੀਤ ਗਿਆ 

ਕੋਈ ਸ਼ਬਦ ਨਾ ਅਰਥਾਂ ਤੀਕ ਗਿਆ

ਕੋਈ ਸ਼ਬਦ ਨਾ ਉਹਨਾਂ ਮਾਵਾਂ ਲਈ 

ਢਲ ਸਿਖਰ ਦੁਪਹਿਰੇ ਛਾਵਾਂ ਲਈ 

ਨੈਣੀਂ ਨੇਰਾ ਸੂਰਜ ਡੁੱਬਿਆਂ ਦਾ 

ਦੁੱਖ ਕੁੱਖ ਤੋਂ ਕਬਰਾਂ ਤੀਕ ਗਿਆ 

ਕੋਈ ਸ਼ਬਦ ਨਾ ਅਰਥਾਂ ਤੀਕ ਗਿਆ

ਮੈਨੂੰ ਮਿਲਿਆ ਬਾਬਲ ਰੁੱਖ ਵਰਗਾ 

ਮੂੰਹ ਉਜੜੀ ਕਬਰ ਦੀ ਚੁੱਪ ਵਰਗਾ 

ਪੈਰੀਂ ਸੂਲ ਸਫਰ ਦੀਆਂ ਸੂਲਾਂ ਦਾ 

ਮੇਰੀ ਰੂਹ ਦੀ ਬਣਦਾ ਚੀਕ ਗਿਆ

ਕੋਈ ਸ਼ਬਦ ਨਾ ਅਰਥਾਂ ਤੀਕ ਗਿਆ

ਵਿਲਕੇ ਪਿਆ ਵੀਰ ਵੀਰਾਨ ਜਿਹਾ 

ਚਿਹਰਾ ਸੁੰਨੀ ਸੱਥ ਸਮਸ਼ਾਨ ਜਿਹਾ 

ਬਣ ਸਤਲੁਜ, ਰਾਵੀ ਰੱਤ ਹੋਇਆ 

ਰੁੜ ਬੁੰਗਾ ਮੰਦਰ ਮਸੀਤ ਗਿਆ 

ਕੋਈ ਸ਼ਬਦ ਨਾ ਅਰਥਾਂ ਤੀਕ ਗਿਆ

ਮੈਨੂੰ ਚੇਤਾ ਆਇਆ ਸ਼ਾਇਰਾਂ ਦਾ 

ਕਦੀ ਜ਼ਿਕਰ ਨਾ ਕੀਤਾ ਕਹਿਰਾਂ ਦਾ 

ਕੀ ਕਰਨੈ ਐਸੇ ਗੀਤਾਂ ਦਾ 

ਜੀਹਦਾ ਬੋਲ ਨਾ ਲੋਕਾਂ ਤੀਕ ਗਿਆ 

ਕੋਈ ਸ਼ਬਦ ਨਾ ਅਰਥਾਂ ਤੀਕ ਗਿਆ

📝 ਸੋਧ ਲਈ ਭੇਜੋ