ਮੈਂ ਬਥੇਰੇ ਕਾਗਜ਼ ਜ਼ਾਇਆ ਕਰ ਲਏ ਨੇ
ਗੀਤਾ ਚੋਪੜਾ ,ਗਿਰਿਜਾ ਟਿੱਕੂ ,ਨਿਰਭੈਆ,ਜ਼ੈਨਬ
ਅਤੇ ਉਸ ਵਰਗੀਆਂ ਕਈ ਹੋਰਾਂ ਦੀ
ਪੱਤ ਲੁੱਟਣ ਵਾਲ਼ਿਆਂ ਖਿਲਾਫ਼
ਨਜਮਾਂ ਲਿਖਣ ਲਈ
ਕੁਝ ਕਾਗਜ਼ ਅਜੇ ਬਚੇ ਪਏ ਨੇ
ਜਿਹਨਾਂ ਤੇ ਆਉਣ ਵਾਲ਼ੇ ਸਮੇ ਵਿੱਚ ਰੇਪ ਹੋਣ ਵਾਲ਼ੀਆਂ
ਔਰਤਾਂ 'ਤੇ ਨਜਮਾ ਲਿਖੀਆਂ ਜਾ ਸਕਦੀਆਂ ਨੇ
ਇਹਨਾਂ 'ਚੋਂ ਕੁਝ ਵਰਤੇ ਜਾ ਸਕਦੇ ਹਨ
ਦਲਿਤਾਂ ਦੇ ਖਿਲਾਫ਼ ਹੋ ਰਹੇ ਅਤਿਆਚਾਰਾਂ ਬਾਰੇ ਅਤੇ
ਜਨੂੰਨੀਆਂ ਜਹਾਦੀਆਂ ਵੱਲੋਂ ਮਾਰੇ ਜਾਂਦੇ ਮਜ਼ਲੂਮਾਂ ਬਾਰੇ
ਨਜ਼ਮਾਂ ਲਿਖਣ ਲਈ ਵੀ
ਉਹ ਲਿਖਾਰੀ ਵਾਕਿਆ ਹੀ ਧੰਨ ਸਨ
ਜਿਨ੍ਹਾਂ ਨੂੰ ਸਿਰਫ਼ ਕਲਮ ਨਾਲ ਹੀ ਨਹੀਂ
ਤੀਰ , ਸ਼ਮਸ਼ੀਰ ਨਾਲ਼ ਵੀ ਕਵਿਤਾ ਲਿਖਣੀ ਆਉਂਦੀ ਸੀ
ਜੋ ਸਿਆਹੀ ਦੀ ਥਾਂ
ਜ਼ਾਲਮ ਦੀ ਰੱਤ ਨਾਲ਼ ਵੀ ਕਵਿਤਾ ਲਿਖਣਾ ਜਾਣਦੇ ਸਨ
ਕਦੇ ਕਦੇ ਅਜਿਹਾ ਸਮਾਂ ਵੀ ਆਉਂਦਾ ਹੈ
ਜਦੋਂ ਕਵਿਤਾ ਕਾਗਜ਼ 'ਤੇ ਨਹੀਂ
ਪਾਪ ਦੀ ਜੰਝ ਦੀ ਹਿੱਕ 'ਤੇ ਵੀ ਲਿਖਣੀ ਪੈਂਦੀ ਹੈ
ਮੈ ਅੱਜ ਆਸਿਫ਼ਾ ਲਈ
ਕਾਗਜ਼ 'ਤੇ ਕਵਿਤਾ ਨਹੀ ਲਿਖਾਂਗਾ
ਆਸਿਫ਼ਾ ਲਈ
ਸਿਰਫ ਕਵਿਤਾ ਲਿਖਣਾ
ਆਸਿਫ਼ਾ ਲਈ
ਸਿਰਫ ਕਾਗਜ਼ 'ਤੇ ਕਵਿਤਾ ਲਿਖਣਾ
ਆਸਿਫ਼ਾ ਦੀ ਰੂਹ ਦੀ ਤੌਹੀਨ ਹੈ
ਲਫਜ਼ਾ ਦੀ ਬੇਅਦਬੀ ਹੈ
ਅੱਜ ਮੈਂ ਕਵਿਤਾ ਲਿਖਾਂਗਾ ਨਹੀਂ
ਬਲਕਿ ਉਸ ਸ਼ਾਇਰ ਦੀ ਕਵਿਤਾ ਪੜ੍ਹਾਂਗਾ
ਜਿਸਨੇ ਫਰਮਾਇਆ ਸੀ
ਜ਼ਬਰ ਦੀ ਇੰਤਹਾ ਤੋਂ ਬਾਅਦ
ਕਵਿਤਾ ਸ਼ਮਸ਼ੀਰ ਨਾਲ਼ ਲਿਖਣੀ ਚਾਹੀਦੀ ਹੈ
ਅੱਜ ਮੈਂ ਕਵਿਤਾ ਲਿਖਾਂਗਾ ਨਹੀਂ
ਬਲਕਿ ਧੀਆਂ ਦੇ ਰਾਖੇ ਪੰਜ ਦਰਿਆਵਾਂ ਦੇ ਅਣਖੀ ਪੁੱਤਰ
ਦੁੱਲੇ ਭੱਟੀ ਦੀ ਦੁਨਾਲ਼ੀਂ ਨਾਲ਼ ਲਿਖੀ ਕਵਿਤਾ ਗਹੁ ਨਾਲ਼ ਪੜ੍ਹਾਂਗਾ
ਤੇ ਜੇ ਅਜਿਹੀ ਕਵਿਤਾ ਲਿਖਣ ਜੋਗਾ ਹੋਇਆ
ਤਾਂ ਹੀ ਲਿਖਾਂਗਾ ਵਰਨਾ ਕਾਗਜ਼ੀ ਕਵਿਤਾ ਨਹੀਂ ਲਿਖਾਂਗਾ
ਹੁਣ ਜਦ ਵੀ ਮੈਂ ਕਵਿਤਾ ਲਿਖੀ
ਭਗਤ ਸਿੰਘ ਦੀ ਬੋਲ਼ਿਆਂ ਦੀ ਅਸੈਂਬਲੀ ਵਿੱਚ ਬੰਬ
ਤੇ ਊਧਮ ਸਿੰਘ ਵੱਲੋਂ ਕੈਕਟਸਨ ਹਾਲ ਵਿੱਚ ਪਸਤੌਲ ਨਾਲ਼ ਲਿਖੀ
ਕਵਿਤਾ ਵਰਗੀ ਕਵਿਤਾ ਹੀ ਲਿਖਾਂਗਾ
ਜੋ ਆਸਿਫ਼ਾ ਨਾਲ ਹੋਇਆ ਉਸ ਬਾਰੇ
ਸਿਰਫ਼ ਕਾਗਜ਼ ਤੇ ਕਵਿਤਾ ਲਿਖਣਾ
ਆਸਿਫ਼ਾ ਦੀ ਰੂਹ ਦੀ ਤੌਹੀਨ ਹੈ
ਮੈ ਅੱਜ ਆਸਿਫ਼ਾ ਲਈ ਕਾਗਜ਼‘ਤੇ ਕਵਿਤਾ ਨਹੀ ਲਿਖਾਂਗਾ