ਮੈਂ ਕਵਿਤਾ ਕਿਉਂ ਲਿਖਦਾ ਹਾਂ

ਜਦ ਮੈਂ ਆਪਣੇ ਜਿਹੇ ਕਿਸੇ ਆਦਮੀ ਨਾਲ ਗੱਲ ਕਰਦਾ ਹਾਂ,

ਜੋ ਸਾਖਰ ਹੈ ਪਰ ਸਮਝਦਾਰ ਨਹੀਂ ਹੈ।

ਸਮਝ ਹੈ ਪਰ ਦਲੇਰ ਨਹੀਂ ਹੈ।

ਉਹ ਆਪਣੇ ਖਿਲਾਫ ਚੱਲਣ ਵਾਲੀ ਸਾਜਿਸ਼ ਦਾ ਵਿਰੋਧ ਖੁੱਲ੍ਹ ਕੇ ਨਹੀਂ ਕਰ ਪਾਉਂਦਾ

ਅਤੇ ਇਸ ਕਮਜ਼ੋਰੀ ਨੂੰ ਮੈਂ ਜਾਣਦਾ ਹਾਂ

ਪਰ ਇਸ ਲਈ ਉਹ ਮਾਮੂਲੀ ਆਮ ਆਦਮੀ ਮੇਰਾ ਸਾਧਨ ਨਹੀਂ ਹੈ।

ਉਹ ਮੇਰੇ ਅਨੁਭਵ ਦਾ ਸਾਂਝੇਦਾਰ ਬਣਦਾ ਹੈ।

ਜਦੋਂ ਮੈਂ ਉਸ ਨੂੰ ਭੁੱਖ ਅਤੇ ਨਫਰਤ

ਪਿਆਰ ਅਤੇ ਜ਼ਿੰਦਗੀ ਦਾ ਮਤਲਬ ਸਮਝਾਉਂਦਾ ਹਾਂ -

ਅਤੇ ਮੈਨੂੰ ਕਵਿਤਾ ਵਿੱਚ ਸੌਖ ਹੁੰਦੀ ਹੈ-

ਜਦ ਮੈਂ ਰੁਕੇ ਹੋਏ ਨੂੰ ਹਰਕਤ ਵਿੱਚ ਲਿਆਉਂਦਾ ਹਾਂ -

ਇਕ ਉਦਾਸੀ ਟੁੱਟਦੀ ਹੈ ਅਤੇ ਠੰਢਾਪਣ ਖਤਮ ਹੁੰਦਾ ਹੈ

ਅਤੇ ਉਹ ਜ਼ਿੰਦਗੀ ਦੇ ਨਿੱਘਾਸ ਨਾਲ ਭਰ ਜਾਂਦਾ ਹੈ

ਮੇਰੇ ਸ਼ਬਦ ਉਸ ਨੂੰ ਜ਼ਿੰਦਗੀ ਦੇ ਕਈ ਧਰਾਤਲਾਂ ਤੇ ਖੁਦ ਨੂੰ ਮੁੜ ਘੋਖਣ ਦਾ ਮੌਕਾ ਦਿੰਦੇ ਹਨ ,

ਉਹ ਬੀਤੇ ਹੋਏ ਸਾਲਾਂ ਨੂੰ ਇਕ ਇਕ ਕਰਕੇ ਖੋਲ੍ਹਦਾ ਹੈ

ਵਰਤਮਾਨ ਨੂੰ ਹੋਰ ਪਾਰਦਰਸ਼ੀ ਬਣਿਆ ਦੇਖ,

ਉਸ ਦੇ ਆਰ-ਪਾਰ ਦੇਖਦਾ ਹੈ।

ਇਸ ਤਰ੍ਹਾਂ ਇਕੱਲਾ ਆਦਮੀ ਵੀ ਅਨੇਕਾਂ ਸਮਿਆਂ ਅਤੇ ਅਨੇਕਾਂ ਸੰਬੰਧਾਂ ਵਿੱਚ ਇਕ ਸਮੂਹ 'ਚ ਬਦਲ ਜਾਂਦਾ ਹੈ

ਮੇਰੀ ਕਵਿਤਾ ਇਸ ਇਕੱਲੇ ਨੂੰ ਸਮੂਹਿਕਤਾ ਦਿੰਦੀ ਹੈ ਅਤੇ ਸਮੂਹ ਨੂੰ ਦਲੇਰੀ

ਇਸ ਤਰ੍ਹਾਂ ਕਵਿਤਾ ਦੇ ਸ਼ਬਦਾਂ ਰਾਹੀਂ ਇਕ ਕਵੀ ਆਪਣੀ ਜਮਾਤ ਦੇ ਆਦਮੀ ਨੂੰ ਸਮੂਹ ਦੀ ਦਲੇਰੀ ਨਾਲ ਭਰਦਾ ਹੈ।

ਜਦੋਂਕਿ ਸ਼ਸਤਰ ਆਪਣੇ ਜਮਾਤੀ ਦੁਸ਼ਮਣ ਨੂੰ ਸਮੂਹ ਤੋਂ ਨਿਖੇੜਦਾ ਹੈ।

ਇਹ ਧਿਆਨ ਰਹੇ ਕਿ ਸ਼ਬਦ ਅਤੇ ਸ਼ਸਤਰ ਦੇ ਵਿਵਹਾਰ ਦਾ ਵਿਆਕਰਨ ਵੱਖੋ-ਵੱਖਰਾ ਹੈ

ਸ਼ਬਦ ਆਪਣੇ ਜਮਾਤੀ ਮਿੱਤਰਾਂ ਤੇ ਕਾਰਗਰ ਹੁੰਦੇ ਹਨ ਅਤੇ ਸ਼ਸਤਰ ਆਪਣੇ ਜਮਾਤੀ ਦੁਸ਼ਮਣ ਤੇ।

📝 ਸੋਧ ਲਈ ਭੇਜੋ