ਮੈਂ ਖ਼ੁਦ ਤੋਂ ਦੂਰ ਬੇਸ਼ਕ ਜਾ ਰਿਹਾ ਹਾਂ।
ਮਗਰ ਨਜ਼ਦੀਕ ਤੇਰੇ ਆ ਰਿਹਾ ਹਾਂ।
ਜੋ ਦਿਲ ਮਹਿਸੂਸ ਕਰਦਾ ਹੈ ਮੈਂ ਉਸਦੇ,
ਜ਼ੁਬਾਂ 'ਤੇ ਆਉਣ ਤੋਂ ਘਬਰਾ ਰਿਹਾ ਹਾਂ।
ਮੈਂ ਜਿਸਦੇ ਸਾਏ ਵਿਚ ਬਹਿੰਦਾ ਸੀ ਹੁਣ ਤੱਕ,
ਉਸੇ ਦੀਵਾਰ ਨੂੰ ਕਿਉਂ ਢਾ ਰਿਹਾ ਹਾਂ।
ਮੈਂ ਸੁਲਝਾਉਂਦਾ ਹਾਂ ਇਸ ਗੁੱਥੀ ਨੂੰ ਜਿੰਨਾ,
ਮੈਂ ਇਸਨੂੰ ਓਨਾ ਹੀ ਉਲਝਾ ਰਿਹਾ ਹਾਂ।
ਕਦੋਂ, ਕਿਸ ਵਕਤ, ਕੀ ਕਹਿੰਦੇ ਨੇ ਲੋਕੀਂ,
ਮੈਂ ਲੋਕਾਂ ਨੂੰ ਸਮਝਦਾ ਜਾ ਰਿਹਾ ਹਾਂ।