ਮੈਂ ਕਿਰਸਾਨ ਹਾਂ ਜੇਠਾ ਪੁੱਤਰ, ਧਰਤੀ ਮਾਂ ਦਾ ਜਾਇਆ।
ਧਰਤੀ ਮਾਂ ਦੀ ਸੇਵਾ ਕਰ, ਮੈਂ ਸਭ ਲਈ ਅੰਨ ਉਗਾਇਆ।
ਕੋਈ ਆਖਦਾ ਅੰਨਦਾਤਾ, ਕੋਈ ਵਾਹੀਕਾਰ ਆਖ ਬੁਲਾਉਂਦਾ।
ਸਖਤ ਮਿਹਨਤਾਂ ਕਰਕੇ, ਮੈਂ ਤਾਂ ਸਭ ਲਈ ਅੰਨ ਉਗਾਉਂਦਾ।
ਸਾਰਾ ਮੁਲਕ ਨਾਲ ਮਿਹਨਤਾਂ, ਹੈ ਖੁਸ਼ਹਾਲ ਬਣਾਇਆ।
ਤੱਤੀਆਂ ਲੂੰਆਂ, ਤੇ ਤਿੱਖੀਆਂ ਧੁੱਪਾਂ, ਪਿੰਡੇ 'ਤੇ ਹੰਡਾਉਂਦਾ।
ਹੱਡ ਚੀਰਵੀਂ ਠੰਢ ਵਿੱਚ ਵੀ, ਪਾਣੀ ਵਿੱਚ ਖੇਤਾਂ ਦੇ ਲਾਉਂਦਾ।
ਹੜ੍ਹ ਆਵੇ ਜਾਂ ਹੋਵੇ ਸੋਕਾ, ਮੈਂ ਬਿਲਕੁੱਲ ਨਾ ਘਬਰਾਇਆ।
ਖੇਤਾਂ ਵਿੱਚ ਜਦ ਝੂਮਣ ਫਸਲਾਂ, ਤੱਕ ਕੇ ਮੈਂ ਖੁਸ਼ ਹੋ ਜਾਵਾਂ।
ਫਸਲ ਪੱਕੀ 'ਤੇ ਮੀਂਹ ਨਾ ਪਾਵੀਂ, ਰੱਬ ਨੂੰ ਇਹੋ ਧਿਆਵਾਂ।
ਮਿਹਨਤ ਮੇਰੀ ਰਹਿਮਤ ਤੇਰੀ, ਫਲ ਮਿਹਨਤ ਦਾ ਪਾਇਆ।
ਦੇਸ ਲਈ ਮੈਂ ਭਰਾਂ ਭੰਡਾਰੇ, ਪਰ ਮੇਰੇ ਹਿੱਸੇ ਹਨ ਧੱਕੇ।
ਮਾੜੀਆਂ ਨੀਤੀਆਂ ਹਾਕਮ ਦੀਆਂ, ਸਹਿ ਸਹਿ ਕੇ ਹਾਂ ਥੱਕੇ।
ਸਭ ਸਰਕਾਰਾਂ ਰੋਲਣ ਮੈਨੂੰ, ਮੇਰਾ ਦੁੱਖ ਨਾ ਇਨ੍ਹਾਂ ਵੰਡਾਇਆ।
ਨਕਲੀ ਬੀਜਾਂ ਤੇ ਸਪਰੇਹਾਂ, ਕੀਤੀ ਚੌਪਟ ਖੇਤੀ ਸਾਰੀ।
ਵਾਜਿਬ ਭਾਅ ਕਦੇ ਨਾ ਮਿਲਿਆ, ਮੌਜਾਂ ਲੁੱਟਦੇ ਬਸ ਵਪਾਰੀ।
ਸਾਰਾ ਭੇਤ 'ਅਮਰ' ਨੇ ਲਿਖ, ਸੱਚ ਸਭ ਨੂੰ ਹੈ ਸੁਣਾਇਆ।
ਧਰਤੀ ਮਾਂ ਦੀ ਸੇਵਾ ਕਰ ਮੈਂ, ਸਭ ਲਈ ਅੰਨ ਉਗਾਇਆ।
ਮੈਂ ਕਿਰਸਾਨ ਹਾਂ ਜੇਠਾ ਪੁੱਤਰ, ਧਰਤੀ ਮਾਂ ਦਾ ਜਾਇਆ।