ਮੈਂ ਕਵਿਤਾ ਲਿਖੀ
ਤਾਂ ਉਹ ਆ ਗਏ
ਆਪਣੇ ਆਪਣੇ ਵਾਦ ਲੈ ਕੇ
ਮੇਰੇ ਮੱਥੇ ਤੇ ਚਿਪਕਾਉਣ
ਮੈਂ ਕਿਹਾ-
ਮੈਂ ਤਾਂ ਕਵਿਤਾ ਲਿਖੀ
ਮੈਂ ਤਾਂ ਮਨ ਦੀ
ਧਰਤੀ ਤੇ ਵਹਿੰਦਾ
ਭਾਵਨਾਵਾਂ ਦਾ ਦਰਿਆ ਲਿਖਿਆ ਹੈ
ਮੈਂ ਹੋਰ ਕੁਝ ਨਹੀਂ ਲਿਖਿਆ
ਨਹੀਂ- ਤੂੰ ਨੀਲਾ ਲਿਖ
ਨਹੀਂ- ਤੂੰ ਲਾਲ ਲਿਖ
ਨਹੀਂ- ਤੂੰ ਪੀਲਾ ਲਿਖ
ਨਹੀਂ- ਤੂੰ ਗੁਲਾਲ ਲਿਖ
ਮੈਂ ਕਿਹਾ-
ਮੈਨੂੰ ਤਾਂ ਹਰ ਰੰਗ ਪਿਆਰਾ
ਮੇਰੇ ਸੁਪਨਿਆਂ ’ਚ ਤਾਂ
ਮੇਰੇ ਪੁਰਖੇ ਵੀ ਜਗਦੇ ਨੇ
ਮੇਰੇ ਨੈਣਾਂ ’ਚ
ਮੇਰੇ ਬੱਚਿਆਂ ਦਾ ਭਵਿੱਖ ਵੀ ਲਿਸ਼ਕਦਾ
ਮੈਨੂੰ ਵਿਛੜੀਆਂ ਨਦੀਆਂ ਵੀ
ਯਾਦ ਆਉਂਦੀਆਂ
ਤੇ ਪਿੱਛੇ ਛੁਟ ਗਿਆ ਬਚਪਨ ਵੀ
ਫੈਕਟਰੀਆਂ ’ਚ ਤਿਲ ਤਿਲ ਮਰਦੇ
ਮਜ਼ਦੂਰ ਵੀ ਮੇਰੇ ਖ਼ਾਬਾਂ ’ਚ ਸੁਲਘਦੇ
ਜਿਨ੍ਹਾਂ ਨਾਲ ਮੈਂ
ਉਮਰ ਦੇ ਕਿੰਨੇ ਵਰ੍ਹੇ ਬਿਤਾਏ
ਮੈਂ ਹੋਰ ਕੁਝ ਨਹੀਂ
ਮੈਂ ਉਹਨਾਂ ਮਿੱਤਰਾਂ ਦੀ
ਤੜਪ ਲਿਖਦਾ ਹਾਂ
ਮੈਂ ਉਹਨਾਂ ਨਦੀਆਂ ਦੀ
ਪਿਆਸ ਲਿਖਦਾ ਹਾਂ
ਮੈਂ ਕਿਸ ਵਾਦ ’ਚ ਹਾਂ
ਮੈ ਨਹੀਂ ਜਾਣਦਾ
ਮੈਂ ਤਾਂ ਕਵਿਤਾ ਲਿਖ ਰਿਹਾ ਹਾਂ
ਮੈਂ ਕਵਿਤਾ ਲਿਖ ਰਿਹਾ ਹਾਂ
ਉਹ ਆਪੋ ਵਿੱਚ ਲੜ ਰਹੇ ਨੇ
ਮੇਰੇ ਮੱਥੇ ਤੇ ਚਿਪਕਾਉਣ ਲਈ
ਆਪੋ ਆਪਣੇ ਵਾਦਾਂ ਦਾ
ਲੇਬਲ ਘੜ ਰਹੇ ਨੇ।