ਅਜੇ ਮੈਂ ਕੁਝ ਨਹੀਂ ਲਿਖਿਆ।
ਅਜੇ ਕੁਝ ਵੀ ਨਹੀਂ ਲਿਖਿਆ।
ਅਜੇ ਤਾਂ ਸ਼ੁਰੂਆਤ ਮੇਰੀ।
ਅਜੇ ਮੈਂ ਬਹੁਤ ਲਿਖਣਾ ਹੈ।
ਅਜੇ ਤਾਂ ਕਾਨੀ ਫੜੀ ਹੈ।
ਕਲਮ ਨੂੰ ਘੜਨ ਲੱਗੀ ਹਾਂ।
ਓਸ ਦੀ ਪਰਖ ਚੱਲ ਰਹੀ।
ਜੀਭ ਤਰਾਸ਼ਣ ਲੱਗੀ ਹਾਂ।
ਕਿ ਅੱਖਰ-ਰੂਪ ਦੇਊਂਗੀ।
ਸਿਆਹੀ ਘੋਲਣ ਲੱਗੀ ਹਾਂ।
ਜਿਸ ਵਿੱਚ ਡੋਬ ਕੇ ਲਿਖਣਾ।
ਦਵਾਤ ਲੱਭਣ ਲੱਗੀ ਹਾਂ।
ਅਜੇ ਤੇ ਕਾਗ਼ਜ ਦੀ ਹਿੱਕ 'ਤੇ।
ਮੈਂ ਲੀਕਾਂ ਵਾਹ ਕੇ ਵੇਖ ਰਹੀ।
ਲੰਮੇ ਪੈਂਡੇ ਕੱਟ ਆ ਰਹੇ ਜੋ।
ਅਜੇ ਮੈਂ ਅੱਖਰ ਉਡੀਕ ਰਹੀ।
ਅਜੇ ਮੈਂ ਨ੍ਹਾ ਕੇ ਨਿਕਲੀ ਹਾਂ।
ਨਵਾਂ ਮੈਂ ਸੂਟ ਪਾਇਆ ਹੈ।
ਪੈਰੀਂ ਚੱਪਲ ਪਾਉਣ ਲੱਗੀ।
ਡਾਹਢੇ ਸਭ ਘਲਾਇਆ ਹੈ।
ਅਜੇ ਮੈਂ ਵਾਲ਼ ਵਾਹੁਣੇ ਨੇ।
ਤੇ ਚੁੰਨੀ ਸਿਰ ’ਤੇ ਲੈਣੀ ਹੈ।
ਕੋਠੇ ਸਾਡੇ ਛੱਤ ਪੈ ਗਈ ਏ।
ਵਿੱਚ ਦੀਵੇ ਰੋਸ਼ਨੀ ਦੇਣੀ ਏਂ।
ਹੁਣ ਸਾਡੇ ਘਰ ਰਜਾਈ ਏ।
ਵਿੱਚ ਬਹਿ ਲਿਖਣਾ ਹਾਂ ਚਾਹੁੰਦੀ।
ਹੁਣ ਸਾਡੇ ਰੋਟੀ ਪੱਕਦੀ ਏ।
ਮੈਂ ਚੁੱਲ੍ਹੇ ਕੋਲ ਨਹੀਂ ਰੋਂਦੀ।
ਔਹ ਮੇਰੇ ਆਪਣੇ ਆ ਗਏ।
ਚੰਗਾ ਸੁਆਗਤ ਕਰ ਲਾਂ ਮੈਂ।
ਰੁੱਖਾ-ਮਿੱਸਾ ਜੋ ਮਿਲਿਆ।
ਰੀਝਾਂ ਲਾ ਅੱਗੇ ਧਰ ਲਾਂ ਮੈਂ।
ਘੜੀ ਚੱਲੀ ਪਤਾ ਲੱਗਿਆ।
ਸਮਾਂ ਬਦਲਦਿਆਂ ਆਏ ਨੇ।
ਸਰਬ ਕਿਤੇ ਮਾਣ ਨਾ ਕਰਜੀਂ।
ਸਤਿ ਕਰਤਾਰ ਘਲਾਏ ਨੇ।
ਕਲਮ ਨੂੰ ਚੁੰਮਣ ਲੱਗੀ ਤਾਂ।
ਲੱਗਦਾ ਇਹ ਤਿਰਹਾਈ ਏ।
ਸਿਆਹੀ ਏਸ ਪਿਆ ਦੇਵਾਂ।
ਮਸਾਂ ਇਹ ਮੁਸਕਰਾਈ ਏ।
ਅਜੇ ਮੈਂ ਪਾਣੀਆਂ ਲਈ ਲਿਖਣਾ।
ਅਜੇ ਮੈਂ ਲਿਖਣਾ ਰੁੱਖਾਂ ਲਈ ।
ਅਜੇ ਮੈਂ ਅੰਬਰਾਂ ਲਈ ਲਿਖਣਾ।
ਅਜੇ ਮੈਂ ਲਿਖਣਾ ਕੁੱਖਾਂ ਲਈ।
ਅਜੇ ਮੈਂ ਕੁਝ ਨਹੀਂ ਲਿਖਿਆ।
ਅਜੇ ਕੁਝ ਵੀ ਨਹੀਂ ਲਿਖਿਆ।
ਅਜੇ ਤਾਂ ਸ਼ੁਰੂਆਤ ਮੇਰੀ।
ਅਜੇ ਮੈਂ ਬਹੁਤ ਲਿਖਣਾ ਹੈ।