ਮੈਂ ਮੈਚ ਨਹੀਂ ਵੇਖਦਾ

ਮੈਂ ਭਾਰਤ ਪਾਕਿਸਤਾਨ ਮੈਚ ਨਹੀਂ ਵੇਖਦਾ

ਕਿਉਂਕਿ ਇਹ ਮੈਚ ਖੇਡ ਨਹੀਂ  ਜੰਗ ਹੁੰਦਾ ਹੈ

ਤੇ ਮੈਂ ਜੰਗ ਨੂੰ ਨਫ਼ਰਤ ਕਰਦਾ ਹਾਂ

ਇਹ ਮੈਚ ਖੇਡ ਦੇ ਮੈਦਾਨ 'ਚ ਨਹੀ

ਜੰਗ ਦੇ ਮੈਦਾਨ 'ਚ ਖੇਡਿਆ ਜਾਂਦਾ ਹੈ

ਖੇਡਿਆ ਵੀ ਕੀ ਬਕਾਇਦਾ ਲੜਿਆ ਜਾਂਦਾ ਹੈ

ਇਹ ਮੈਚ ਭਾਰਤ ਪਾਕਿਸਤਾਨ ਟੀਮਾਂ ਨਹੀਂ 

ਫੌਜਾਂ ਖੇਡਦੀਆਂ ਨੇ

ਖੇਡ ਵਿੱਚ ਗੇਂਦ ਨਹੀਂ ਸੁੱਟੀ ਜਾਂਦੀ

ਤੋਪ ਦੇ ਗੋਲੇ ਦਾਗੇ ਜਾਂਦੇ ਨੇ

ਕਦੇ ਲਾਹੌਰ‘ਤੇ ਕਦੇ ਕਰਾਚੀ ਕਦੇ ਪਿਸ਼ੌਰ 'ਤੇ

ਕਦੇ ਅੰਬਰਸਰ ਕਦੇ ਅੰਬਾਲੇ ਕਦੇ ਫ਼ਿਲੌਰ 'ਤੇ

ਇਹ ਮੈਚ ਖੇਡ ਦੀਆਂ ਟੀਮਾਂ ਨਹੀਂ

ਫ਼ੌਜਾਂ ਖੇਡਦੀਆਂ ਨੇ

ਤੇ ਖੇਡ ਦਾ ਟਾਸ ਸੁੱਟਣ ਤੋਂ ਪਹਿਲਾਂ

ਸਮੇਂ ਦੀਆਂ ਸੂਈਆਂ ਨੂੰ ਪੁੱਠਾ ਗੇੜਾ ਦੇ ਕੇ

ਕਦੇ ਸੰਤਾਲੀ ਕਦੇ ਪੈਂਹਠ ਤੇ ਕਦੇ ਕਹੱਤਰ

ਦੇ ਹੱਲਿਆਂ ਹਮਲਿਆਂ

ਕਾਲੈ ਘੱਲੂਘਾਰਿਆਂ ਦੇ ਸਮੇਂ ਤੇ ਲਿਜਾਇਆ ਜਾਂਦਾ ਹੈ

ਮੈਂ ਤਾਂ ਇਹਨਾ ਹੱਲਿਆਂ ਹਮਲਿਆਂ ਦੇ ਕਾਲੈ ਕਾਰਨਾਮੇ

ਸੁਪਨੇ 'ਚ ਵੀ ਵੇਖ 

ਤ੍ਰਭਕ ਕੇ ਉੱਠ ਬਹਿੰਦਾ ਹਾਂ

ਫਿਰ ਇਹ ਮੈਚ ਮੈਂ ਕਿਵੇਂ ਵੇਖ ਸਕਦਾ ਹਾਂ

ਇਹ ਮੈਚ ਖੇਡ ਦੀਆਂ ਟੀਮਾਂ ਨਹੀਂ

ਫ਼ੌਜਾਂ ਖੇਡਦੀਆਂ ਨੇ

ਦੋਹਾਂ ਦੇਸਾਂ ਦੇ ਲੋਕਾਂ ਨੂੰ ਇਸ ਜੰਗੀ-ਖੇਡ ਲਈ

ਅੰਧਰਾਸ਼ਟਰਵਾਦੀ ਨਿੱਕਰਾਂ ,ਬੋਦੀਆਂ ,ਧੋਤੀਆਂ, ਟੋਪੀਆਂ ਤੇ

ਮੀਡੀਏ ਦੇ ਹਵਾਂਕਦੇ ਗਿੱਦੜਾਂ ਵੱਲੋਂ ਉਕਸਾਇਆ ਜਾਂਦਾ ਹੈ

ਬੜਾ ਅਲੋਕਾਰਾ ਮੈਚ ਹੁੰਦਾ ਹੈ ਇਹ

ਜਿੱਥੇ ਸਹਿਣਸ਼ੀਲਤਾ ਸਾਂਝ ਸ਼ਾਤੀ ਦੀ ਬਜਾਏ

ਵੈਰ ਵਿਰੋਧ ਦੀ ਧਾਕ ਹੁੰਦੀ ਹੈ

ਜਿੱਥੇ ਅਮਨ ਦਾ ਪਰਚਮ ਬੁਲੰਦ ਹੋਣ ਦੀ ਥਾਂ

ਨਫ਼ਰਤ ਦੀਆਂ ਤਾੜੀਆਂ ਵੱਜਦੀਆਂ ਹਨ

ਇਹ ਮੈਚ ਸਰਹੱਦਾਂ ਵਿਚਲੀ ਨੋ ਮੈਨ ਲੈਂਡ

ਤੇ ਖੇਡਿਆ ਜਾਂਦਾ ਹੈ

ਤੇ ਇਹ ਮੈਚ ਹਰ ਵਾਰ

ਲੋਕਾਂ ਦੇ ਮਨਾਂ ਵਿੱਚ ਇੱਕ ਹੋਰ ਵਾਹਗਾ ਬਣਾ ਧਰਦਾ ਹੈ

ਇਸ ਲਈ ਮੈਂ ਇਹ ਮੈਚ ਨਹੀਂ ਵੇਖਦਾ

ਇਹ ਮੈਚ ਖੇਡ ਨਹੀਂ ਜੰਗ ਹੁੰਦੀ ਹੈ

ਮੈਂ ਜੰਗ ਨੂੰ ਨਫ਼ਰਤ ਕਰਦਾ ਹਾਂ

📝 ਸੋਧ ਲਈ ਭੇਜੋ