ਮੈਂ ਤੇਰੇ ਜਾਮ ਦਾ

ਮੈਂ ਤੇਰੇ ਜਾਮ ਦਾ ਕਿਉਂ ਇੰਤਜ਼ਾਰ ਹੋ ਜਾਵਾਂ। 

ਕਿਉਂ ਨਾ ਖ਼ੁਦ ਮਸਤੀਆਂ ਦੀ ਆਬਸ਼ਾਰ ਹੋ ਜਾਵਾਂ।

ਮੈਂ ਜਿੰਨਾਂ ਸੱਚ ਹਾਂ ਸਾਰਾ ਹੀ ਹਾਂ ਸਾਹਮਣੇ ਤੇਰੇ, 

ਨਹੀਂ ਅਫ਼ਵਾਹ ਕਿ ਖੰਭਾਂ ਦੀ ਡਾਰ ਹੋ ਜਾਵਾਂ।

ਮੈਂ ਆਪਣੇ ਨਕਸ਼ ਕੁਝ ਵੱਖਰੇ ਨਿਖਾਰ ਸਕਦਾ ਹਾਂ, 

ਕਿਵੇਂ ਫਿਰ ਮੈਂ ਭਲਾ ਤੇਰਾ ਉਤਾਰ ਹੋ ਜਾਵਾਂ।

ਮੇਰੀ ਪੱਥਰ ਦੀ ਅੱਖ ਅੰਦਰ ਇਹ ਖ਼ਾਬ ਤਰਦਾ ਹੈ, 

ਕਿ ਖ਼ੁਸ਼ਬੂ ਵਾਂਗ ਮੈਂ ਪੌਣਾਂ ਦਾ ਯਾਰ ਹੋ ਜਾਵਾਂ।

ਜੇ ਤੇਰਾ ਕੁਝ ਨਹੀਂ ਲਗਦਾ ਤਾਂ ਕਾਸ ਤੋਂ ਅੜਿਆ, 

ਸੁਭਾਵਕ ਹੀ ਤੇਰੇ ਮੁੱਖ 'ਚੋਂ ਉਚਾਰ ਹੋ ਜਾਵਾਂ।

ਮੈਂ ਆਪਣੇ ਆਪ ਨੂੰ ਆਪੇ ਅਸੀਸ ਦੇਂਦਾ ਹਾਂ, 

ਤੇ ਆਪਣੇ ਸੀਸ ਤੇ ਆਪੇ ਪਿਆਰ ਹੋ ਜਾਵਾਂ।

📝 ਸੋਧ ਲਈ ਭੇਜੋ