ਮੈਂ ਉਸ ਪੰਜਾਬ ਦਾ ਵਾਸੀ ਹਾਂ
ਜੋ ਫ਼ਰੀਦ ਨਾਨਕ ਦਾ ਵਰੋਸਾਇਆ ਹੈ
ਜਿਸਨੂੰ ਮੀਆਂ ਮੀਰ ਵਸਾਇਆ ਹੈ
ਜਿਸ ਕੋਲ ਵੇਦ, ਕਤੇਬ, ਗ੍ਰੰਥ ਦਾ
ਸਾਂਝਾ ਸਰਮਾਇਆ ਹੈ
ਜੋ ਹਾਸ਼ਮ,ਵਾਰਿਸ,ਪੀਲੂ,ਸ਼ਾਹ ਮੁਹੰਮਦ ਨੂੰ
ਮੁਸਲਿਮ ਨਹੀਂ
ਪੰਜਾਬ ਦੀ ਰੂਹ ਨੂੰ ਬੋਲ ਦੇਣ ਵਾਲੇ
ਸੁਖ਼ਨਵਰ ਦਾਨਿਸ਼ਵਰ ਮੰਨਦਾ ਹੈ
ਜੋ ਦਮੋਦਰ,ਮੋਹਣ ਸਿੰਘ,ਅਮਿਤ੍ਰਾ
ਚਾਤ੍ਰਿਕ,ਨੂਰਪੁਰੀ ਫ਼ਲੌਰੀ,ਸ਼ਿਵਕੁਮਾਰ ਵਿੱਚੋਂ
ਹਿੰਦੂ ਸਿੱਖ ਨਹੀਂ ਵੇਖਣਾ ਜਾਣਦਾ
ਮੇਰਾ ਪੰਜਾਬ ਨਫ਼ਰਤਾਂ ਨੂੰ ਨਫ਼ਰਤ
ਤੇ ਪ੍ਰੀਤਾਂ ਨੂੰ ਪ੍ਰੀਤ ਕਰਦਾ ਹੈ
ਪ੍ਰੀਤ ਗਾਥਾਵਾਂ ਪੈਦਾ ਕਰਦਾ ਹੈ
ਕੱਚੇ ਘੜਿਆਂ ਤੇ ਵੀ
ਪੱਕੇ ਈਮਾਨ ਨਾਲ ਤਰਦਾ ਹੈ
ਧਰਮ ਦੇ ਚੋਲ਼ੇ ਵਿੱਚ ਲੁਕੇ ਅਧਰਮੀਆਂ ਨੂੰ
ਬੁੱਲ੍ਹੇ ਵਾਂਗ
ਤੇ ਧੱਕੇਸ਼ਾਹ ਧਾੜਵੀਆਂ ਨੂੰ ਦੁੱਲ੍ਹੇ ਵਾਂਗ
ਟੱਕਰਦਾ ਹੈ ਮੇਰਾ ਪੰਜਾਬ
ਮੇਰਾ ਪੰਜਾਬ
ਬਾਦਸ਼ਾਹਾਂ ਦੇ ਦਰਬਾਰਾਂ ਵਿੱਚ ਨਹੀਂ
ਪਾਤਸ਼ਾਹਾਂ ਦੀ ਸਰਬੱਤ ਦੇ ਭਲੇ ਵਾਲ਼ੀ
ਅਰਦਾਸ ਵਿੱਚ ਵਾਸ ਕਰਦਾ ਹੈ
ਮੇਰਾ ਪੰਜਾਬ
ਜੋਗੀਆਂ ਦੇ ਟਿੱਲਿਆਂ
ਦਰਵੇਸ਼ਾਂ ਦੇ ਤਕੀਏ ਮਜ਼ਾਰਾਂ
ਸੂਫੀਆਂ ਪੀਰਾਂ ਦੀਆਂ ਦਰਗਾਹਾਂ ਖ਼ਾਨਗਾਹਾਂ
ਗੁਰੂਆਂ ਦੀਆਂ ਧਰਮਸਾਲਾਵਾਂ
ਗੁਰਦੁਆਰਿਆਂ ਠਾਕਰਦੁਆਰਿਆਂ ਵਿੱਚ
ਬਲਦੇ ਚਿਰਾਗ਼ਾਂ ਦਾ ਸਿਰਨਾਵਾਂ ਹੈ
ਜੋ ਸਰਹੱਦਾਂ ਵਾਲੇ ਨਕਸ਼ਿਆਂ ਤੋਂ ਉੱਪਰ
ਕਾਇਨਾਤੀ ਦ੍ਰਿਸ਼ਟੀ ਤੱਕ ਫੈਲਿਆ ਹੋਇਆ ਹੈ
ਇਨਸਾਨੀ ਧਰਮ ਰਾਖੀ ਲਈ ਸੀਸ ਕਟਵਾਉਣ ਵਾਲਾ
ਤੇਗ ਬਹਾਦਰ ਵਰਗਾ ਬਹਾਦਰ ਹੈ
ਮੇਰਾ ਪੰਜਾਬ
ਇਨਸਾਨੀਅਤ ਦੇ ਹੱਕ ਵਿੱਚ
ਹਾਅ ਦਾ ਨਾਹਰਾ ਲਾਉਣ ਵਾਲਾ
ਮਲੇਰਕੋਟਲੇ ਦਾ ਨਵਾਬ ਹੈ
ਮੇਰਾ ਪੰਜਾਬ।