ਬਲ ਬਲ ਨੀ ਮੇਰੇ ਮਨ-ਮੰਦਰ ਦੀਏ ਜੋਤੇ

ਹੱਸ ਹੱਸ ਨੀ ਮੇਰੇ ਸੋਹਲ ਦਿਲੇ ਦੀਏ ਕਲੀਏ

ਤਕ ਤਕ ਨੀ ਔਹ ਨੀਮ ਉਨਾਬੀ ਧੂੜਾਂ,

ਉਨ੍ਹਾਂ ਵਿਚ ਨੂਰ ਨੂਰ ਹੋ ਰਲੀਏ

ਰੁਣਝੁਣ ਰੁਣਝੁਣ ਟੁਣਕਣ, ਸਾਜ਼ ਸਮੀਰੀ,

ਜਿਉਂ ਛਲਕਣ ਬੀਜ ਸ਼ਰੀਂਹ ਦੀ ਸੁੱਕੀ ਫਲੀਏ

ਫ਼ਰ ਫ਼ਰ ਵਗਣ ਹਵਾਵਾਂ ਮਲ ਖ਼ੁਸ਼ਬੋਈਆਂ,

ਇਨ੍ਹਾਂ ਸੰਗ ਦੂਰ ਕਿਤੇ ਟੁਰ ਚੱਲੀਏ

ਔਹ ਵੇਖ ਨੀ ! ਬਦਲੀ ਲਾਲ ਬਿੰਬ ਜਿਹੀ ਉਡਦੀ

ਜਿਉਂ ਦੂਹਰਾ ਘੁੰਡ ਕੋਈ ਕੱਢ ਪੰਜਾਬਣ ਆਈ

ਤਕ ਦੂਰ ਦੁਮੇਲੀਂ ਧਰਤ ਅਰਸ਼ ਨੂੰ ਮਿਲ ਗਈ,

ਜਿਉਂ ਘੁਟਣੀ ਰਾਧਾ ਸੰਗ ਸਾਂਵਲੇ ਪਾਈ

ਔਹ ਵੇਖ ਨੀ ਕਾਹੀਆਂ ਕੱਢ ਲਏ ਬੁੰਬਲ ਲੈਰੇ,

ਹਾਏ ਵੇਖ ਸਾਉਣ ਦੀਆਂ ਝੜੀਆਂ ਧਰਤ ਨੁਹਾਈ

ਹਰ ਧੜਕਣ ਬਣ ਮਰਦੰਗ ਹੈ ਡਗਡਗ ਵੱਜਦੀ,

ਹਰ ਸਾਹ ਵਿਚ ਵੱਜਦੀ ਜਾਪੇ ਨੀ ਸ਼ਹਿਨਾਈ

ਅੱਜ ਫੇਰੇ ਕੀ ਕੋਈ ਅੜੀਏ ਮਨ ਦੇ ਮਣਕੇ

ਅੱਜ ਪ੍ਰਭੱਤਾ ਦੇ ਮਨ ਦੀ ਹੈ ਟੇਕ ਗੁਆਚੀ

ਅੱਜ ਧਰਤੀ ਮੇਰੀ ਨੱਚ ਰਹੀ ਹੈ ਤਾਂਡਵ,

ਅੱਜ ਭਾਰ ਜਿਹਾ ਦਿਸਦੀ ਹੈ ਪਾਕ ਹਯਾਤੀ

ਅੱਜ ਹੁਸਨ ਦੀ ਅੜੀਏ ਕੱਚ-ਕਚੋਈ ਵੀਣੀ,

ਅੱਜ ਇਸ਼ਕ ਦੀ ਅੜੀਏ ਪੱਥਰ ਹੋ ਗਈ ਛਾਤੀ

ਅੱਜ ਰੋਟੀ ਹੈ ਬਸ ਜਗ ਦਾ ਇਸ਼ਟ-ਮੁਨਾਰਾ,

ਅੱਜ ਮਨੁੱਖਤਾ ਤੋਂ ਮਹਿੰਗੀ ਮਿਲੇ ਚਪਾਤੀ

ਮੈਂ ਆਪੇ ਆਪਣੀ ਡੋਬ ਲੈਣੀ ਹੈ ਬੇੜੀ,

ਮੈਨੂੰ ਜਚਦੇ ਨਹੀਂ ਨੀ ਅੜੀਏ ਹੁਸਨ ਕਿਨਾਰੇ

ਮੇਰੇ ਰੱਥ ਤਾਂ ਉੱਡ ਸਕਦੇ ਸਨ ਤਾਰਾ-ਗਣ ਵਿਚ,

ਪਰ ਕੀ ਕਰਨੇ ਸਨ ਅੜੀਏ ਮੈਂ ਇਹ ਤਾਰੇ

ਕਦੇ ਪੂਰਬ ਨਹੀਂ ਹੋ ਸਕਦੇ ਅੜੀਏ ਪੱਛਮ,

ਨਹੀਂ ਹੋ ਸਕਦੇ ਨੀ ਰੰਗ-ਪੁਰ ਕਦੇ ਹਜ਼ਾਰੇ

ਤੱਕ ਪ੍ਰੀਤ 'ਚ ਚਕਵੀ ਆਪੇ ਹੋ ਗਈ ਬੌਰੀ,

ਕਿਸੇ ਚੰਨ ਭੁਲੇਖੇ ਫੱਕਦੀ ਪਈ ਅੰਗਿਆਰੇ

ਜੀਣ ਜੀਣ ਕੋਈ ਆਖ਼ਰ ਕਦ ਤਕ ਲੋੜੇ,

ਮੌਤ ਮੌਤ ਵਿਚ ਵਟ ਜਾਵਣ ਜਦ ਸਾਹਾਂ

ਡੋਲ੍ਹ ਡੋਲ੍ਹ ਮੈਂ ਚੱਟਾਂ ਕਦ ਤਕ ਹੰਝੂ,

ਖੋਰ ਖੋਰ ਕੇ ਪੀਵਾਂ ਕਦ ਤਕ ਆਹਾਂ

ਸਾਥ ਵੀ ਦੇਂਦਾ ਕਦ ਤਕ ਮੇਰਾ ਸਾਥੀ,

ਅੱਤ ਲੰਮੀਆਂ ਹਨ ਇਸ ਜ਼ਿੰਦਗੀ ਦੀਆਂ ਰਾਹਾਂ

ਇਸ਼ਕ ਦੇ ਵਣਜੋਂ ਕੀਹ ਕੁਝ ਖੱਟਿਆ ਜਿੰਦੇ ?

ਦੋ ਤੱਤੀਆਂ ਦੋ ਠੰਢੀਆਂ ਠੰਢੀਆਂ ਸਾਹਾਂ

📝 ਸੋਧ ਲਈ ਭੇਜੋ