ਮਨ ਪਰਦੇਸੀ ਹੋਏ

ਕਦੀ ਕਦੀ ਮਨ ਪਰਦੇਸੀ ਹੋਏ

ਨਿੰਮਾ ਨਿੰਮਾ ਸੋਚੇ ਤੇ ਨਿੰਮਾ ਲੋਚੇ

ਨਿੰਮਾ ਨਿੰਮਾ ਤੁਰਦਾ

ਨਿੰਮੀ ਨਿੰਮੀ ਲੋਏ

ਹਾਸੀ ਤੇ ਉਦਾਸੀ

ਦੋਵੇਂ ਫਿੱਕੇ ਫਿੱਕੇ ਲਗਦੇ

ਕਾਹਨੂੰ ਕੋਈ ਹੱਸਦਾ

ਕਾਹਨੂੰ ਕੋਈ ਰੋਏ

ਨਿੱਕੀ ਨਿੱਕੀ ਉਮਰਾ ਦੇ

ਵੱਡੇ ਵੱਡੇ ਸੁਪਨੇ

ਹੁੰਦੇ ਹੁੰਦੇ ਹੋ ਗਏ

ਸੱਭੇ ਅਣਹੋਏ

ਸੋਹਣੇ ਸੋਹਣੇ ਮਿੱਤਰਾਂ ਦੇ

ਸੱਚੇ ਸੱਚੇ ਵਾਅਦੇ

ਅੱਧੋਂ ਘੱਟ ਜਿਉਂਦੇ ਨੇ

ਅੱਧੋਂ ਵੱਧ ਮੋਏ

ਇਕ ਚੰਨ ਚੜ੍ਹਿਆ ਸੀ

ਓਹ ਨਹੀਂ ਦਿਸਦਾ

ਲੱਖਾਂ ਤਾਰੇ ਦਿਸਦੇ ਨੇ

ਜਿਹੜੇ ਸੀ ਲਕੋਏ

ਪੈਰਾਂ ਹੇਠ ਧਰਤੀ ਵੀ

ਹੌਲੀ ਹੌਲੀ ਸਰਕੇ

ਧਰਤੀ ਤੋਂ ਪਰ੍ਹਾਂ ਬੰਦਾ

ਕਿੱਥੇ ਜਾ ਖਲੋਏ

📝 ਸੋਧ ਲਈ ਭੇਜੋ