-ੳ-

ਮਹਾਂ ਕਾਲ ਸੈ ਸਾਗਰਾਂ 

ਸਾਹਵੇਂ ਤਿਰਹਾਇਆ। 

ਮਨ ਪਰਦੇਸੀ ਜੇ ਥੀਐ 

ਸਭ ਦੇਸ ਪਰਾਇਆ।

ਰੱਤੀਆਂ ਤੇਗਾਂ ਉੱਡਦੀਆਂ 

ਦਰਿਆ 'ਤੇ ਢਹੀਆਂ, 

ਉੱਚੇ ਬੁਰਜੀਂ ਬੈਠੀਆਂ 

ਹੁਣ ਤੱਕਣ ਸਈਆਂ, 

ਖੰਡਰਾਂ ਓਹਲੇ ਰੋਂਦੀਆਂ 

ਲੱਖ ਕੌਮਾਂ ਪਈਆਂ,

ਕਿਸ ਮਾਹੀ ਦੇ ਦੇਸ ਵੱਲ 

ਉੱਠ ਨਜ਼ਰਾਂ ਰਹੀਆਂ

ਕਿਸ ਕਤਰੇ ਦੀ ਤਲਬ ਵਿਚ 

ਜਲ-ਥਲ ਕੁਰਲਾਇਆ

ਮਹਾਂ ਕਾਲ ਸੈ ਸਾਗਰਾਂ 

ਸਾਹਵੇਂ ਤਿਰਹਾਇਆ। (੧)

ਪਾਟੇ ਲੀੜਿਆਂ ਵਰਗੀਆਂ

ਤਨ ਨ੍ਹੇਰ ਦੇ ਯਾਦਾਂ, 

ਖੰਡਰਾਂ ਬੂਹੇ ਬਹਿਣੀਆਂ 

ਥਲ 'ਚੋਂ ਫ਼ਰਿਆਦਾਂ, 

ਦਿਲ-ਦਰਮਾਂਦੇ ਕਾਰਨਾਂ 

ਰਹੇ ਮਾਰ ਆਵਾਜ਼ਾਂ, 

ਦਿੱਸਣ ਐਪਰ ਕਿਤੇ ਨ 

ਵਿਚ ਭੈਅ-ਪਰਵਾਜ਼ਾਂ,

ਪੈੜਾਂ ਦੇ ਥਲ ਚੁੰਮ੍ਹਦਿਆਂ 

ਦਿਲ ਮੁਸਕਾਇਆ, 

ਮਹਾਂ ਕਾਲ ਸੈ ਸਾਗਰਾਂ 

ਸਾਹਵੇਂ ਤਿਰਹਾਇਆ। (੨)

ਖੰਡਰਾਂ ਸਿਰ ਕੋਈ ਨਾਗ

ਫਣ ਪਿਆ ਖਲਾਰੇ,

ਸਦੀਆਂ ਦੇ ਵਲ ਦੇਖਦਾ

ਜਲ-ਥਲ ਵਿਚਕਾਰੇ,

ਬਾਬਲ ਮਿਸਰ ਯੂਨਾਨ ਦੇ

ਪਲ ਖੜੇ ਮੀਨਾਰੇ,

ਭੁੱਲੇ ਰਣਾਂ ਦੇ ਕੰਢੜੇ 

ਵੀਰਾਨੀਆਂ-ਮਾਰੇ,

ਨਾਗ ਦੇ ਸਾਹ ਵਿਚ ਬਲ ਰਿਹਾ 

ਗਏ ਜੁਗਾਂ ਦਾ ਸਾਇਆ, 

ਮਹਾਂ ਕਾਲ ਸੈ ਸਾਗਰਾਂ

ਸਾਹਵੇਂ ਤਿਰਹਾਇਆ। (੩)

ਲੂੰਆਂ ਵੱਗਣ ਥੇਹ 'ਤੇ

ਬੁੱਢ ਪਿੱਪਲ ਡੋਲੇ,

ਲੱਖ ਵਰ੍ਹਿਆਂ ਦੀਆਂ ਹੂੰਗਰਾਂ

ਵਿਚ 'ਵਾਵਾਂ ਘੋਲੇ,

ਕੋਟ ਦੁਰੇਡੇ ਥਲਾਂ ਦੇ 

ਕਿਸ ਮੌਤ ਨੇ ਰੋਲੇ

ਕੌਣ ਅਜਨਬੀ ਭਟਕਦੇ 

ਔਹ ਸਾਗਰਾਂ ਉਹਲੇ ?

ਮਾਂ ਦਾ ਬੋਲ ਖਲਾ 'ਚੋਂ 

ਅਜੇ ਹੇਠ ਆਇਆ-

ਮਹਾਂ ਕਾਲ ਸੈ ਸਾਗਰਾਂ 

ਸਾਹਵੇਂ ਤਿਰਹਾਇਆ। (੪)

ਖੰਡਰਾਂ ਉੱਤੇ ਭੁੱਲਦੇ

ਰਾਹ ਬਾਜ਼ ਸਤਾਣੇ

ਆਏ ਤਿਮਰ-ਪਤਾਲ 'ਚੋਂ

ਤਜ ਦੇਵ-ਘਰਾਣੇ

ਝੱਖੜ ਲੰਘ ਅਸਗਾਹ ਦੇ

ਛਡ ਬਲੀ ਪੁਰਾਣੇ 

ਰੰਗਲੀ ਧਨੁਸ਼ ਤੋਂ ਵਿਛੜੇ 

ਅੱਜ ਹੋਏ ਨਿਮਾਣੇ— 

ਅੱਗ-ਪਰਲੈ ਦੇ ਅੱਖਰਾਂ

ਕੀ ਨਾਮ ਛੁਪਾਇਆ

ਮਹਾਂ ਕਾਲ ਸੈ ਸਾਗਰਾਂ

ਸਾਹਵੇਂ ਤਿਰਹਾਇਆ। (੫)

ਲੱਖਾਂ ਖੂਹਣੀਆਂ ਸੁੱਤੀਆਂ 

ਬੇਬਸ ਪਰਛਾਵੇਂ,

ਮਨਸੂਰ ਦੇ ਚੋਲੇ ਤੜਪਦੇ 

ਰੱਤ-ਵਹਿਣਾਂ ਸਾਹਵੇਂ,

ਕੋਈ ਜਾਏ ਹੜ੍ਹਾਂ ਤੱਕ

ਦਿਲਦਾਰ ਨੇ ਭਾਵੇਂ,

ਲੱਖਾਂ ਤਾਰੇ ਚੜ੍ਹੇ ਨੇ 

ਗੁਲਜ਼ਾਰਾਂ ਛਾਵੇਂ,

ਮਨਸੂਰ ਜੇਹੀ ਨਜ਼ਰ ਨੂੰ 

ਅਸਮਾਨ ਨੇ ਪਾਇਆ—

ਮਹਾਂ ਕਾਲ ਸੈ ਸਾਗਰਾਂ

ਸਾਹਵੇਂ ਤਿਰਹਾਇਆ। (੬)

ਰਾਤ ਗੁਜ਼ਾਰਨ ਖੰਡਰਾਂ

ਤੇ ਸ਼ੁਤਰ ਉਦਾਸੇ

ਗੋਰਾਂ ਹੇਠਾਂ ਛੋਡ ਕੇ 

ਵੱਡ ਪੀਰ ਪਿਆਸੇ- 

ਰੌਣਕ ਬੰਨ੍ਹੀ ਥਲਾਂ ਵਿਚ 

ਅੱਗ ਵਾਂਗ ਹੁਲਾਸੇ, 

ਹੇਠ ਖਜੂਰਾਂ ਭਰੇ

ਕਿਸ ਖ਼ੂਨ ਨੇ ਕਾਸੇ

ਖ਼ਾਲੀ ਹੁਜਰੇ ! ਘਾਇਲ ਕੁਈ 

ਹੜ੍ਹ ਪਰੇ ਸਧਾਇਆ- 

ਮਹਾਂ ਕਾਲ ਸੈ ਸਾਗਰਾਂ 

ਸਾਹਵੇਂ ਤਿਰਹਾਇਆ। (੭)

-ਅ-

ਮਨ ਪਰਦੇਸੀ ਜੇ ਥੀਐ 

ਸਭ ਦੇਸ ਪਰਾਇਆ।

ਮਹਾਂ ਕਾਲ ਸੈ ਸਾਗਰਾਂ 

ਸਾਹਵੇਂ ਤਿਰਹਾਇਆ।

ਮੁੱਢ ਕਦੀਮੀ ਵਾਦੀਆਂ

'ਤੇ ਉੱਡਣ ਕੂੰਜਾਂ, 

ਨੂਰ ਦੇ ਧੁੰਧਲੇ ਰਣਾਂ 'ਚੋਂ

ਸੁਣ ਰਹੀਆਂ ਗੂੰਜਾਂ,

ਗਾੜ੍ਹੀ ਗਹਿਰ 'ਚ ਲੈਂਦੀਆਂ

ਲੱਖ ਸਦੀਆਂ ਊਂਘਾਂ, 

ਪਾਰ ਕਿਨਾਰੇ ਸੁੱਤੀਆਂ 

ਮਦ ਭਰੀਆਂ ਬੂੰਦਾਂ

ਤਰਜ਼ ਪੁਰਾਣੀ ਸਮੇਂ ਦੀ 

ਕੋਈ ਗੁੰਮਦਾ ਸਾਇਆ, 

ਮਨ ਪਰਦੇਸੀ ਜੇ ਥੀਐ

ਸਭ ਦੇਸ ਪਰਾਇਆ। (੮)

ਮੁੱਢ ਕਦੀਮੀ ਅੱਗ ਨੂੰ 

ਫੁੱਲ ਪੈਣ ਅਨੇਕਾਂ, 

ਸੌਂ ਗਏ ਨੂਰ ਦੇ ਹੜ੍ਹਾਂ ਨੂੰ 

ਕਦੇ ਫੇਰ ਮੈਂ ਦੇਖਾਂ !

ਤਾਰਿਆਂ ਹੇਠ ਨੇ ਉਡਦੀਆਂ 

ਅਣਸੁਣੀਆਂ ਹੇਕਾਂ,

ਤੁਰਦੇ ਛਿਣਾਂ 'ਤੇ ਬਲਦੀਆਂ 

ਜਲ ਥਲ ਦੀਆਂ ਰੇਖਾਂ,

ਸੁਪਨਿਆਂ ਓਹਲੇ ਖੜੀ ਦਾ 

ਮਨ ਕੂੰਜ ਉਡਾਇਆ- 

ਮਨ ਪਰਦੇਸੀ ਜੇ ਥੀਐ

ਸਭ ਦੇਸ ਪਰਾਇਆ। (੯)

ਲੱਖ ਸਫ਼ਰਾਂ ਦੇ ਖੰਭ ਜੋ

ਤਨ ਤਾਰਿਆਂ ਉੱਗੇ;

ਵਣ ਬੇਲਿਆਂ ਵਿਚ ਘੁੰਮਦੀਆਂ 

ਦੇ ਜੋਬਨ ਪੁੱਗੇ।

ਪਾਟ ਰਹੇ ਅਸਮਾਨ ਨੇ 

ਸਿੰਧ ਕਾਲ ਦੇ ਝੁੱਗੇ। 

ਭੈਅ ਦੇ ਘੁੰਮਦੇ ਚੱਕ 'ਤੇ 

ਰੰਗ ਧਰਤ ਦੇ ਉੱਗੇ।

ਬਹਿ ਰੋਹੀਆਂ ਵਿਚ ਮਹਿੰਦੀਆਂ 

ਕੋਈ ਹਾਰ ਬਣਾਇਆ—

ਮਨ ਪਰਦੇਸੀ ਜੇ ਥੀਐ

ਸਭ ਦੇਸ ਪਰਾਇਆ। (੧੦)

ਹੌਲ 'ਚ ਪੰਖੀ ਉੱਡਦੇ 

ਕੋਹ ਕੋਟ ਹਜ਼ਾਰਾਂ,

ਮਿਰਗਾਂ ਸ਼ੀਹਾਂ ਮਾਹਣੀਆਂ

ਦੀਆਂ ਤ੍ਰਭਕਨ ਡਾਰਾਂ,

ਸਾਲੂ ਦਾਵਾ ਅਗਨ ਦੇ

ਸਿਰ ਲੈਂਦੀਆਂ ਨਾਰਾਂ, 

ਗੋਦ 'ਚ ਲੈ ਕੇ ਬਹਿੰਦੀਆਂ 

ਹੋ ਠੰਢੀਆਂ ਠਾਰਾਂ

ਛਾਂ ਤਾਰਿਆਂ ਦੀ, ਸਾਗਰਾਂ 

ਦਾ ਭੇਦ ਲੁਕਾਇਆ- 

ਮਨ ਪਰਦੇਸੀ ਜੇ ਥੀਐ

ਸਭ ਦੇਸ ਪਰਾਇਆ। (੧੧)

ਪੁਰਸਲਾਤ ਵਲ ਵੇਖਦੀ 

ਝੁੱਲ ਉੱਠੀ ਆਂਧੀ, 

ਬ੍ਰਹਮਾ ਵਾਂਗੂੰ ਕਮਲ ਵਿਚ

ਰੁਲ ਜਾਵਣ ਪਾਂਧੀ, 

ਮੁੱਢ ਕਦੀਮੀ ਪੈਂਡਿਆਂ

ਨੂੰ ਕੌਣ ਜਗਾਂਦੀ

ਕੌਣ ਪੈਗੰਬਰ ਸਮੇਂ ਦੇ 

ਕਨਿਆਨ ਬੁਲਾਂਦੀ

ਕਿਹੜੇ ਅਰਸ਼ ਗੁਨਾਹ ਨੂੰ 

ਵਿਚ ਤਾਜ ਸਜਾਇਆ

ਮਨ ਪਰਦੇਸੀ ਜੇ ਥੀਐ

ਸਭ ਦੇਸ ਪਰਾਇਆ। (੧੨)

ਸਾਗਰਾਂ ਉੱਤੇ ਉੱਡਦੇ 

ਦੋ ਹੰਸ ਪੁਰਾਣੇ 

ਦੂਰ ਮਹੀਨ ਨੈਂ ਕੰਢੜੇ 

ਪਏ ਵੇਹਣ ਮੁਹਾਣੇ, 

ਗਾਉਂਦੇ ਚੁੱਪ ਨੂੰ ਬ੍ਰਿਛ ਨੇ 

ਕਿਤੇ ਡੂੰਘ-ਡੂੰਘਾਣੇ,

ਕੌਣ ਉਹ ਝਿੰਮ ਝਿੰਮ ਨਾਰੀਆਂ 

ਵਿਚ ਨੀਂਦ ਦੇ ਬਾਣੇ ?

ਡੂੰਘੀ ਧਰਤ 'ਚ ਅੱਖੀਆਂ 

ਕੋਈ ਸਬਰ ਛੁਪਾਇਆ— 

ਮਨ ਪਦੇਸੀ ਜੇ ਥੀਐ 

ਸਭ ਦੇਸ ਪਰਾਇਆ। (੧੩)

ਬੈਠੀਆਂ ਟੂਣੇਹਾਰਣਾਂ 

ਵਿਚ ਛੁਪ ਕੰਦਰਾਵਾਂ 

ਰਾਹੀਂ ਸਿਹਰ ਜਗਾਉਂਦੀਆਂ 

ਰੂਹ-ਸ਼ਿਕਨ ਅਦਾਵਾਂ, 

ਮੌਤ ਦੇ ਪੀਲੇ ਪੱਤ 'ਤੇ 

ਕੁਝ ਲਿਖਣ ਹਵਾਵਾਂ, 

ਲਹੂ-ਭਿੱਜੀਆਂ ਚੋਟੀਆਂ 

'ਤੇ ਰੋਂਦੀਆਂ ਮਾਵਾਂ, 

ਕੋਟ ਕੋਹਾਂ ਤਕ ਕਿਸੇ ਨੇ 

ਰੋਹ-ਨਾਦ ਵਜਾਇਆ— 

ਮਨ ਪਰਦੇਸੀ ਜੇ ਥੀਐ

ਸਭ ਦੇਸ ਪਰਾਇਆ। (੧੪)

ਜਿਗਰ ਪੁਰਾਣਾ ਅੱਗ ਦਾ 

ਸ਼ਿਕਰੇ ਢੂੰਡਣ, 

ਭੁੱਲੇ-ਵਿਸਰੇ ਪਰਬਤੀਂ 

ਕੁਝ ਰਮਜ਼ਾਂ ਕੂੰਦਨ, 

ਅਫ਼ਲਾਤੂਨੀ ਨਜ਼ਰ ਨੂੰ 

ਘੁੰਮ ਕਬਰਾਂ ਢੂੰਡਣ, 

ਧੌਂਸੇ ਕਿਸੇ ਫ਼ਕੀਰ ਦੇ 

ਕੋਹ ਕੋਟੀਂ ਗੂੰਜਣ, 

ਕੀਤੇ ਜਸ਼ਨ ਪੈਗ਼ੰਬਰਾਂ !

ਕਿਸ ਦੀਪ ਬੁਝਾਇਆ

ਮਨ ਪਰਦੇਸੀ ਜੇ ਥੀਐ 

ਸਭ ਦੇਸ ਪਰਾਇਆ। (੧੫)

ਸੁੱਤੀ ਵੇਲ ਅੰਗੂਰ ਦੀ 

ਮੇਰੇ ਨਬੀਆਂ ਬਾਹੀਂ,

ਪਰਬਤ ਨਦੀਆਂ ਥਲਾਂ ਦੇ

ਹੁੱਲ ਉੱਠੀ ਸਾਹੀਂ, 

ਲਿਪਟ ਰਹੀ ਅਸਮਾਨ ਨੂੰ 

ਨੱਸ ਮੋਹ ਦੇ ਰਾਹੀਂ,

ਰੱਬ ਦੇ ਸ਼ਹਿਰ 'ਚ ਫੇਰ ਵੀ 

ਕਿਉਂ ਸੁਣੀਆਂ ਆਹੀਂ

ਕੂਨ ਜਾਣੇ ਜਿੰਦੜੀ 

ਪੀਰ ਮਨਾਇਆ- 

ਮਨ ਪਰਦੇਸੀ ਜੇ ਥੀਐ

ਸਭ ਦੇਸ ਪਰਾਇਆ। (੧੬)

ਉੱਚੇ ਬੁਰਜੀਂ ਲੱਭਦੇ 

ਕਿਸੇ ਨਾਰ ਦੇ ਸਾਏ, 

ਹੱਸਦੇ-ਹੱਸਦੇ ਸ਼ਹਿਰ ਵੱਲ

ਚੜ੍ਹ ਲਸ਼ਕਰ ਆਏ,

ਵਿਛੜੇ ਯੋਧੇ ਸਮੇਂ ਦੇ

ਬਹਿ ਬਾਰ ਪਰਾਏ,

ਮੌਤ ਨੇ ਡੂੰਘੇ ਸਾਗਰੀਂ 

ਗੜ੍ਹ-ਕੋਟ ਵਿਛਾਏ;

ਭੌਜਲ ਫਾਹੀਆਂ ਤਾਣੀਆਂ 

ਹੱਥ ਮਰਦ ਆਇਆ—

ਮਨ ਪਰਦੇਸੀ ਜੇ ਥੀਐ

ਸਭ ਦੇਸ ਪਰਾਇਆ। (੧੭)

ਰਾਹ ਲੋਕਾਂ ਦਾ ਵੇਂਹਦੀਆਂ

ਪਰਦੇਸੀ ਹੰਝਾਂ,

ਖੰਡਰਾਂ ਉੱਤੇ ਢਹਿੰਦੀਆਂ

ਭਰ ਹੌਕੇ ਸੰਞਾਂ,

ਕੰਠ ਤ੍ਰਿੰਞਣ ਘੁਟਦੀਆਂ

ਕੁਝ ਅਣਦਿੱਸ ਤੰਦਾਂ,

ਲਾ-ਮਕਾਂ ਦੀ ਚੁੱਪ ਵਿਚ 

ਸੈ ਭਰਦੀਆਂ ਕੰਧਾਂ, 

ਰੁੱਤ ਦੇ ਜੋਬਨ ਸਿਖਰ 'ਤੇ 

ਸੁੰਨ-ਡੰਗ ਜਗਾਇਆ— 

ਮਨ ਪਰਦੇਸੀ ਜੇ ਥੀਐ

ਸਭ ਦੇਸ ਪਰਾਇਆ, (੧੮)

ਕੌਲ ਪੀਰ ਦਾ ਰੁਲੇਗਾ 

ਵਿੱਚ ਸੁੱਕਦੇ ਬੂਰਾਂ,

ਕੂਨ ਨਾਂਹ ਜਾਣਨ ਥਲਾਂ ਵਿਚ

ਮਰ ਜਾਸਨ ਹੂਰਾਂ,

ਪੰਜ ਨਦੀਆਂ ਵੇਖੀਆਂ

ਮੇਰੇ ਸਿਦਕ ਦੇ ਨੂਰਾਂ, 

ਗੁਰਾਂ ਦਾ ਪੰਜਾ ਹਿੱਸਿਆ

ਵਿਚ ਨਜ਼ਰ ਦੀ ਧੂੜਾਂ, 

ਸੂਰਜ ਗਗਨਾਂ ਬੰਨ੍ਹ ਕੇ 

ਬੇ-ਨਜ਼ਰ ਤਪਾਇਆ-

ਮਨ ਪਰਦੇਸੀ ਜੇ ਥੀਐ

ਸਭ ਦੇਸ ਪਰਾਇਆ। (੧੯)

ਹਰ ਤਾਰੇ ਦੀ ਜੂਹ ਵਿਚ 

ਕੋਈ ਝੋਕ ਹੈ ਮੇਰੀ,

ਮਿਲੀ ਸੀ ਕੌਲ ਪੁਰਾਤਨਾਂ

ਵਿਚ, 'ਵਾਜ ਜੋ ਤੇਰੀ, 

ਛੁਪ ਛੁਪ ਨਦੀਆਂ ਵੇਖਦੀ 

ਤਕ ਪਰੀ ਹੈ ਕਿਹੜੀ

ਬਾਗ਼ ਰੂਹਾਂ ਦੇ ਲੰਘਦੀ

ਕੋਈ ਰੇਖ ਲੰਮੇਰੀ— 

ਤਾਰਿਆ! ਤੇਰੀ ਲੋ ਵਿਚ 

ਤਕ ਮਿਰਗ ਤਿਹਾਇਆ—

ਮਨ ਪਰਦੇਸੀ ਜੇ ਥੀਐ

ਸਭ ਦੇਸ ਪਰਾਇਆ। (੨੦)

ਲੰਘ ਲੰਘ ਜਾਵੇ ਬਿੱਜਲੀਆਂ

ਮੈਂ ਵੇਸ ਜੋ ਸੂਹਾ,

ਨਭ ਪਤਾਲ ਤੇ ਧਰਤ ਨੇ 

ਹੈ ਢੋਹਿਆ ਬੂਹਾ,

ਰੋ ਨ, ਸੁਕਣਾ ਪੂਰਨਾ

ਅਸਮਾਨ ਦਾ ਖੂਹਾ— 

ਮਹਿਲਾਂ ਵਾਲੀਏ ! ਜੋਗੀਆਂ

ਦਾ ਬਾਜ਼ ਉਡਾਇਆ-

ਮਨ ਪਰਦੇਸੀ ਜੇ ਥੀਐ

ਸਭ ਦੇਸ ਪਰਾਇਆ

ਮਹਾਂ ਕਾਲ ਸੈ ਸਾਗਰਾਂ

ਸਾਹਵੇਂ ਤਿਰਹਾਇਆ। (੨੧)

📝 ਸੋਧ ਲਈ ਭੇਜੋ