ਮਨ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ,
ਖਦਰਾਣੇ ਦੀ ਢਾਬ 'ਤੇ, ਕੋਈ ਅੱਥਰੂ ਆਇਆ।
ਤੈਨੂੰ ਮਿਲਿਆਂ ਬਾਝ ਨ
ਕੋਈ ਦੇਸ ਮਹੀਨਾ,
ਰੋਂਦੇ ਰੇਤ 'ਤੇ ਬਾਜ਼ ਨੇ
ਤੱਕ ਖਿੰਡਿਆ ਚੀਨਾ,
ਰੋਹੀਆਂ ਵਿਚ ਦਲੀਪ ਨੇ, ਕਦੇ ਤਾਜ ਲੁਟਾਇਆ,
ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।
ਡੁੱਬ ਗਈ ਲਹੂ ਦੇ ਪਾਣੀਆਂ
ਵਿਚ ਨਜ਼ਰ ਸੁਹਾਣੀ;
ਕਾਹਨੂੰਵਾਨ ਦੇ ਛੰਭ ਦੀ
ਕੋਈ 'ਵਾਜ ਪੁਰਾਣੀ।
ਸਾਨੂੰ ਮਿਲਿਆ ਕਦੇ ਨ, ਕੋਈ ਯਾਰ ਖ਼ੁਦਾਇਆ !
ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।
ਲਿਖਿਆ ਸਿਰ ਜਮਰੌਦ ਦੇ
ਮੈਂ ਅੱਖਰ ਪਿਆਰਾ,
ਰਾਹ ਗੁਮਨਾਮ 'ਚ ਪਾਟਿਆ
ਮੇਰਾ ਦਾਮਨ ਸਾਰਾ।
ਡਾਢੇ ਸਿਦਕ ਦੇ ਪੱਤਣੀਂ, ਅਸਾਂ ਯਾਰ ਗਵਾਇਆ,
ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।
ਓਸ ਬੂੰਦ ਲਈ ਤੜਫਣਾ
ਦਰਿਆ ਜੋ ਮੇਰਾ,
ਜਿਸ ਲਈ ਕਦੇ ਦਲੀਪ ਨੇ
ਸੀ ਪਾਉਣਾ ਫੇਰਾ।
ਆਥਣ ਵਾਂਗੂੰ ਤੇਗ 'ਤੇ, ਤੈਂ ਦੀਦ ਸੁਹਾਇਆ,
ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।
ਦੂਰ ਲੱਖੀ ਦੇ ਜੰਗਲੀਂ
ਤਨ ਸੜਦਾ ਸਾਡਾ,
ਨਨਕਾਣੇ ਤੋਂ ਦੂਰ ਹੋ
ਮਨ ਭਰਦਾ ਸਾਡਾ।
ਤਨ ਤੋਂ ਮਨ ਦੇ ਰਾਹ ਤਕ, ਵੱਡ ਦੋਜ਼ਖ਼ ਛਾਇਆ,
ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।
ਸਭਰਾਵਾਂ ਦੀ ਜੂਹ ਵਿਚ
ਜਦ ਸੰਞਾਂ ਪਈਆਂ,
ਮੋਏ ਪੁੱਤ ਪੰਜਾਬਣਾਂ
ਬਹਿ ਰੋਵਣ ਗਈਆਂ,
ਹਿੱਕੋ ਦਿਹਾੜਾ ਸਿਦਕ ਦਾ, ਕੱਚ ਵਾਂਗ ਗਵਾਇਆ,
ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।
ਚੁਗ ਚੁਗ ਹਾਰੀ ਕੰਕਰਾਂ
ਕਿਤੇ 'ਵਾਜ ਨ ਤੇਰੀ !
ਅੱਥਰੂ ਸਾਹਮੇ ਖੜੀ ਹੈ
ਕੋਈ ਸੰਞ ਲੰਮੇਰੀ।
ਹਿੱਕੋ ਦਿਹਾੜਾ ਸਿਦਕ ਦਾ, ਵਿਚ ਥਲਾਂ ਵੰਝਾਇਆ,
ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।
ਸਜਦਾ ਕਿਸ ਨੂੰ ਕਰਾਂ ਮੈਂ
ਕੋਈ ਯਾਰ ਨ ਮੇਰਾ,
ਜ਼ੰਜੀਰਾਂ ਵਿਚ ਘਾਇਲ ਹੈ
ਕਿਉਂ ਅੰਮ੍ਰਿਤ ਤੇਰਾ ?
ਨ ਅਰਦਾਸ ਦਾ ਦਿਹੁੰ ਹੈ, ਨ ਰੈਣ ਖ਼ੁਦਾਇਆ !
ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ।
ਖਦਰਾਣੇ ਦੀ ਢਾਬ 'ਤੇ, ਕੋਈ ਅੱਥਰੂ ਆਇਆ।