ਜੋ ਦਿਸਦਾ ਸਿਰਫ਼ ਉਹੀ ਸੱਚ ਨਹੀਂ ਹੁੰਦਾ
ਕਈ ਵਾਰੀਂ ਅਣਦਿਸਦਾ ਵੀ ਸੱਚ ਹੁੰਦੈ
ਸੱਚ ਸਿੱਧਾ ਅਤੇ ਸਪਾਟ ਵੀ ਨਹੀਂ ਹੁੰਦਾ
ਇਹ ਬਹੁ-ਧਰਾਵੀ ਬਹੁ-ਅਕਾਰੀ ਵੀ ਹੋ ਸਕਦਾ ਹੈ
ਸਰਮਾਇਆ ਬਹੁਤ ਗੁੰਝਲ਼ਦਾਰ ਮਾਇਆ ਹੈ
ਇਸ ਦੀ ਹਰ ਚਾਲ ਛਲਾਵਾ ਤੇ ਛਲੇਡੀ ਕਾਇਆ ਹੈ
ਤੇ ਇਸਦੀ ਪਾਲਤੂ ਮੰਡੀ ਇੱਕ ਐਸੀ ਵਿਕਰਾਲ ਸਰਾਲ਼ ਹੈ
ਜਿਸਨੇ ਸਿਰਫ਼ ਸਾਡੀਆਂ ਦੇਹਾਂ ਨੂੰ ਹੀ ਨਹੀਂ
ਸਾਡੀ ਸੋਚ ਨੂੰ ਵੀ
ਨਾਗਵਲ਼ ਪਾਇਆ ਹੋਇਆ ਹੈ
ਜੋ ਦਿਸਦਾ ਸਿਰਫ਼ ਉਹੀ ਸੱਚ ਨਹੀਂ ਹੁੰਦਾ।
ਇਹ ਵੀ ਭਲਾ ਕਿੱਥੇ ਦਿਸਦਾ
ਕਿ ਕੁਰੂਖੇਤਰ ਦਾ ਖੇਤਰ
ਆਲਮੀ ਪੱਧਰ ਤੱਕ ਫੈਲ ਚੁੱਕਾ ਹੈ ?
ਕੌਰਵ ਸਭਾ ਹੁਣ ਵਿਸ਼ਵ ਪੱਧਰੀ ਹੋ ਚੁੱਕੀ ਹੈ
ਤੇ ਹੁਣ ਦਰੋਪਦੀ ਗਲੈਮਰ ਦੀ ਚਕਾਚੌਂਧ ਵਿੱਚ
ਖ਼ੁਦ ਹੀ ਦਾਅ 'ਤੇ ਲੱਗਣ
ਤੇ ਆਪ ਹੀ ਆਪਣਾ ਚੀਰ ਹਰਨ
ਕਰਾਉਣ ਨੂੰ ਤਿਆਰ ਹੈ
ਇਹੀ ਵਿਸ਼ਵੀ ਕੌਰਵਾਂ ਦੀ ਗੁੱਝੀ ਚਾਲ ਹੈ
ਮੁਨਾਫ਼ੇ ਮੁਫ਼ਾਦਾਂ ਦਾ ਅਣਦਿਸਦਾ ਮਾਇਆਜਾਲ਼ ਹੈ
ਬਿਲਕੁਲ ਉਸੇ ਤਰ੍ਹਾਂ ਦਾ ਮਾਇਆਜਾਲ
ਜਿਸਦੇ ਸੋਨ-ਮ੍ਰਿਗੀ ਛਲਾਵੇ ਵਿੱਚ
ਕਦੇ ਸੀਤਾ ਵੀ ਫਸ ਗਈ ਸੀ
ਜੋ ਦਿਸਦਾ ਸਿਰਫ ਉਹੀ ਸੱਚ ਨਹੀਂ ਹੁੰਦਾ
ਉਸ ਮਹਾਂ ਦਾਰਸ਼ਨਿਕ ਦਾ ਲਿਖਿਆ
ਹਰ ਸ਼ਬਦ ਹਰ ਵਾਕ
ਸੱਚੋ ਸੱਚ ਸਾਬਤ ਹੋ ਰਿਹਾ
ਜਿਸਨੇ ਕਿਹਾ ਸੀ ਕਿ
ਸਰਮਾਇਆ ਅਤੇ ਇਸਦੀ
ਲੋਭੀ ਮਾਇਆ ਇਨਸਾਨ ਨੂੰ ਵੀ
ਵਿਕਾਊ ਮਾਲ ਬਣਾ ਦੇਵੇਗੀ
ਮੁਨਾਫ਼ੇ ਦੀ ਲਾਲਸਾ ਵਿੱਚ
ਜੀਂਦਿਆਂ ਅਤੇ ਮੁਰਦਿਆਂ ਦੇ
ਮਨੁੱਖੀ ਅੰਗ ਵੀ ਵਿਕਣ ਲੱਗਣਗੇ
ਔਰਤਾਂ ਦੇ ਬਦਨ ਅਤੇ ਹਾਸੇ ਵੀ ਦਾਅ 'ਤੇ ਲੱਗਣਗੇ
ਹੂ-ਬ -ਹੂ ਇਹੋ ਕੁਝ ਹੋ ਰਿਹਾ ਹੈ
ਸ਼ਹਿਰ ਦੇ ਇਕ ਚੌਂਕ 'ਤੇ ਪਸ਼ੂ-ਮੰਡੀ ਲੱਗਦੀ ਹੈ
ਦੂਜੇ ਪਾਸੇ ਲੇਬਰ ਚੌਕ 'ਤੇ ਬੰਦਿਆਂ ਦੀ
ਰਾਤ ਨੂੰ ਚਕਲਿਆਂ ਦੇ ਲੇਬਰ ਚੌਕ 'ਤੇ
ਮਜ਼ਬੂਰ ਕਾਮ-ਕਾਮੀਆਂ ਔਰਤਾਂ ਦੀ
ਕਾਇਆ ਵੀ ਮਾਇਆ ਬਣ ਚੁੱਕੀ ਹੈ
ਹੁਣ ਨਵਾਬਸ਼ਾਹੀ ਵੀ ਵਿਸ਼ਵੀ ਰੂਪ ਧਾਰ ਚੁੱਕੀ ਹੈ
ਔਰਤਾਂ ਦੇ ਨਿੱਤ ਨਵੇਂ ਨ੍ਰਿਤ ਰਚਾਉਂਦੀ ਹੈ
ਆਲਮੀ ਮਿਆਰ ਦੇ ਮੁਜਰੇ ਕਰਾਉਂਦੀ ਹੈ
ਜ਼ਨਾਨੀਬਾਜ ਮਹਾਰਾਜੇ ਭੂਪੇ ਵਾਂਗ
ਔਰਤਾਂ ਦੀਆਂ ਦੇਹਾਂ ਅਤੇ ਅੰਗਾਂ ਨੂੰ
ਮਨ ਚਾਹੇ ਆਕਾਰਾਂ ਵਿੱਚ ਢਾਲ਼ਣ ਲਈ ਉਕਸਾਉਂਦੀ ਹੈ
ਅੱਯਾਸ਼ੀ ਕਰਨ ਦੇ ਨਾਲ਼ ਨਾਲ਼
ਉਹਨਾਂ ਤੋਂ ਧੜਾਧੜ ਕਮਾਉਂਦੀ ਵੀ ਹੈ
ਵਿਕਾਊ ਹੋ ਰਹੇ ਨੇ ਹਾਸੇ
ਅਤੇ ਹਾਸਿਆਂ ਰਾਹੀਂ ਵਿਕਣ ਲੱਗੇ ਨੇ ਧੜਾਧੜ
ਦਸੌਰੀ ਕਰੀਮਾਂ ਪਾਊਡਰ ਦੰਦਾਸੇ
ਔਰਤ ਨੂੰ ਖ਼ਾਸ ਕਿਸਮ ਦੇ
ਸਾਂਚਿਆਂ ਵਿੱਚ ਢਾਲ਼ ਕੇ
ਬਾਰਬੀ ਦਿੱਖ ਦਿੱਤੀ ਜਾਂਦੀ ਹੈ
ਗੁੱਡੀਆਂ ਪਟੋਲ੍ਹਿਆਂ ਦੀ ਸਾਦਗੀ ਖੋਹ
ਬਾਲੜੀਆਂ ਹੱਥ ਬਾਰਬੀ ਫੜਾ ਉਸ ਵਰਗਾ ਬਣਨ ਦੇ
ਸੁਪਨਿਆਂ ਦੀ ਜਾਗ ਲਾ ਦਿੱਤੀ ਜਾਂਦੀ ਹੈ
ਵਿਸ਼ਵ ਸੁੰਦਰੀ ਦੀ ਇੰਜ ਪੇਸ਼ਕਾਰੀ ਕੀਤੀ ਜਾਂਦੀ ਹੈ
ਕਿ ਸਾਡੀ ਮਾਂ ਧੀ ਭੈਣ ਖ਼ੁਦ ਨੂੰ
ਕਰੂਪ ਕੋਝੀ ਹੀਣ ਸਮਝਣ ਲੱਗ ਜਾਂਦੀ ਹੈ
ਜੋ ਦਿਸਦਾ ਹੈ ਸਿਰਫ਼ ਉਹੀ ਸੱਚ ਨਹੀਂ ਹੁੰਦਾ
ਇੰਨਾਂ ਸੁੰਦਰਤਾ ਮੁਕਾਬਲਿਆਂ ਨੇ ਪਤਾ ਨਹੀ ਕਿੰਨੇ
ਨਵਜਾਤ ਸ਼ਿਸ਼ੂਆਂ ਨੂੰ ਉਹਨਾਂ ਲਈ
ਮਾਂਵਾਂ ਦੀਆਂ ਛਾਤੀਆਂ ਵਿੱਚ ਰਾਖਵੀਂ
ਕੁਦਰਤ ਦੀ ਬਖ਼ਸ਼ੀ ਦਾਤ ਖ਼ੁਰਾਕ ਤੋਂ ਵਾਂਝਿਆਂ ਕੀਤਾ ਹੈ
ਤੇ ਇੰਜ ਮਾਂ ਦੁੱਧ ਹੀਣ ਨਸਲਾਂ ਨੂੰ ਕਮ-ਬੁੱਧ ਕੀਤਾ ਹੈ
ਜਿਵੇਂ ਉਹ ਵਪਾਰ ਲਈ ਆਪਣੇ ਬੀਜ
ਸਾਡੇ ਖੇਤਾਂ ਵਿੱਚ ਬੀਜ
ਸਾਡੀਆਂ ਪੁਸਸ਼ਤੈਨੀ ਫ਼ਸਲਾਂ ਦਾ
ਬੀ-ਨਾਸ ਕਰ ਜਾਂਦੇ ਹਨ
ਉਵੇਂ ਹੀ ਸਾਡੀਆਂ ਨਸਲਾਂ ਦੇ
ਮੱਥਿਆਂ ਵਿੱਚ ਵੀ
ਉਹ ਆਪਣੀ ਸੋਚ ਬੀਜ
ਨਸਲਾਂ ਦਾ ਵੀ ਮਲੀਆਮੇਟ ਕਰ ਜਾਂਦੇ ਨੇ
ਜੋ ਦਿਸਦਾ ਸਿਰਫ਼ ਉਹੀ ਸੱਚ ਨਹੀਂ ਹੁੰਦਾ
ਸੁੰਦਰਤਾ
ਮੁਕਾਬਲਿਆਂ ਦੀ ਮੁਹਤਾਜ ਨਹੀਂ ਹੁੰਦੀ
ਫੁੱਲ ਸਾਰੇ ਹੀ ਸੁੰਦਰ ਹੁੰਦੇ ਹਨ
ਇਹ ਕਿਸੇ ਨੂੰ ਕੁਲੀਨ
ਤੇ ਕਿਸੇ ਨੂੰ ਹੀਣ ਮਹਿਸੂਸ ਕਰਾਉਣ ਵਾਲਾ
ਵਰਤਾਰਾ ਹੈ
ਵਰਤਾਰਾ ਹੀ ਨਹੀ
ਜੀਂਦੇ ਇਨਸਾਨਾ ਦੇ ਅੰਗ ਵੇਚਣ ਵਾਲ਼ੀ
ਕਾਲ਼ੀ ਕਾਰੋਬਾਰੀ ਕਰੂਰ ਵਿਚਾਰਧਾਰਾ ਹੈ
ਔਰਤ ਨੂੰ ਮਹਿਜ ਦੇਹਧਾਰੀ ਇਸ਼ਤਿਹਾਰ ਬਣਾ
ਗੋਰੀਆਂ ਤੋਂ ਬਾਅਦ ਕਾਲ਼ੀਆਂ ਤੇ ਭੂਰੀਆਂ ਧਰਤੀਆਂ ਉੱਤੇ
ਮੰਡੀਆਂ ਲੱਭਣ ਵਾਲ਼ੇ ਰੁਝਾਨ ਦਾ ਪਸਾਰਾ ਹੈ