ਮੈਂਡੀ ਨੀਂਦ ਦੀਆਂ ਲਹਿਰਾਂ

ਮੈਂਡੀ ਨੀਂਦ ਦੀਆਂ ਲਹਿਰਾਂ ਵਿਚ 

ਵਰ੍ਹੇ ਗੁਆਚੇ ਜੀਂਦੇ।

“ਖੁਰ ਜਾਵਣਗੇ ਨਕਸ਼ ਇਨ੍ਹਾਂ ਦੇ”

ਧੀਮੇ ਵੈਣ ਸੁਣੀਂਦੇ।

ਸਾਂਵਲ ਮੀਤ ਆਏ ਵੱਲ ਦੇਸਾਂ

ਇਕ ਪਲ ਕੌਲ ਪੁਗਾਵਣ; 

ਦੂਜੇ ਪਲ ਰਾਹ ਮਿਠੜੇ ਉਸਦੇ 

ਗੋਰ ਸੁੰਞ ਬਣ ਜਾਵਣ

ਗੋਰਾਂ ਦਾ ਵੱਡ ਦਰਦ ਸੁਣਾਵਣ 

ਚੜ੍ਹ ਚੜ੍ਹ ਨਜ਼ਰੀਂ ਬੁੱਲੇ। 

ਪੱਤਿਆਂ ਉਹਲੇ ਛੁਪ ਛੁਪ ਰੋਵਣ 

ਬੋਲ ਸਮੇਂ ਦੇ ਭੁੱਲੇ।

ਸਾਂਦਲ ਬਾਰ ਦੀਆਂ ਨਹਿਰਾਂ 'ਤੇ 

ਵਗਣ ਨ੍ਹੇਰੀਆਂ ਭਾਰੀ।

ਸੱਚੇ ਅਦਲ ਦੀ ਲਰਜ਼ ਜਗਾਂਦੀ 

ਤਿੱਪ ਲਹੂ ਦੀ ਨਿਆਰੀ।

ਸਿਖਰ ਦੁਪਹਿਰੇ ਤਪ ਸਲਵਾੜੀਂ 

ਦਾਗ਼ ਲੁਕਾਵਣ 'ਕੱਲੇ।

ਵਣਾਂ ਕਰੀਰਾਂ ਅਰਜ਼ ਗੁਜ਼ਾਰੀ 

ਅੱਥਰੂ ਇਕ ਪੱਲੇ।

ਸਾਂਦਲ ਬਾਰ ਦੀਆਂ ਨਹਿਰਾਂ 'ਤੇ 

ਵੱਡੇ ਘਰ ਦੀਆਂ ਜਾਈਆਂ।

ਦਾਗ਼ ਕਦੇ ਪੁੱਤਰਾਂ ਦਾ ਲੱਥੇ 

ਲੀਰਾਂ ਧੋਵਣ ਆਈਆਂ।

ਦਾਗ਼ ਲੱਥੇ, ਪਾਪਾਂ ਨੂੰ ਪਰ 

ਸਮਾਂ ਹਜ਼ੂਰ ਬੁਲਾਵੇ। 

ਬੇਪੀਰ ਕੌਮਾਂ ਦੇ ਸਿਰ ਤੋਂ 

ਮੌਤ ਦਾ ਹਾੜ ਉਠਾਵੇ।

ਮੋਇਆਂ ਦੇ ਪੈਂਡੇ ਨੂੰ ਢੂੰਡਣ 

ਕੌਣ ਕੌਣ ਉਹ ਗਈਆਂ। 

ਰੁਲ ਕੇ ਵਰ੍ਹਿਆਂ ਪਿੱਛੋਂ ਮੁੜੀਆਂ

ਨਜ਼ਰਾਂ ਧੋਵਣ ਪਈਆਂ।

ਮੇਰੇ ਘਰ ਦੇ ਸਾਹਵੇਂ ਮੇਰੀ 

'ਵਾਜ ਨਿਮਾਣੀ ਕੁੱਠੀ। 

ਲੰਮੀ ਤੇਗ ਤੂਫ਼ਾਨਾਂ ਵਾਲੀ 

ਜਲ ਥਲ ਦੇ ਵਿਚ ਉੱਠੀ।

ਕੂਕਾਂ : “ਕੋਈ ਮਿਲਾਵੋ ਕੇ

ਬੇਪੀਰ ਮੈਂ ਝੱਲਾ।

ਛਬੀਆਂ ਨਾਲ ਘਾਇਲ ਜੋ ਮੋਇਆ 

ਲਹੂ ਮਾਸੂਮ ਇਕੱਲਾ।”

ਕੂਕ ਮਿਰੀ ਕੁਠ ਹੋਇ ਮੂਰਛਿਤ 

ਪਰਬਤ ਤਲਖ਼ ਤੇ ਕੋਰੇ।

ਗਾੜ੍ਹੇ ਭੇਦ ਉਮਰ ਦੇ ਉੱਤੇ 

ਕੋ ਜੁਗਨੂੰ ਲਿਸ਼ਕੋਰੇ।

ਪਲ ਵਿਚ ਮੇਰੀ ਕੂਕ ਦੇ ਦਰ 'ਤੇ 

ਜੋਗਣ ਅਲਖ ਜਗਾਵੇ।

ਅਨਹੱਦ ਕੁੰਟ ਦੇ ਵਿੱਚੋਂ ਸੋਹਣੀ

ਅੰਗ ਅਨੀਲ ਖਿੜਾਵੇ।

ਮੇਰੀ ਨਜ਼ਰੀਂ ਨੂਰ ਵਰ੍ਹਾਏ

ਮੁੱਢ ਕਦੀਮ ਸਹੇਲੀ।

ਜਲਾਂ ਥਲਾਂ ਦੀ ਵਾਗ ਸੁਹਾਣੀ

ਫੜੀ ਨਾਰ ਅਲਬੇਲੀ।

“ਅਨਹੱਦ ਕੁੰਟ ਜਿਹੜੀ 'ਚੋਂ ਆਈ, 

ਉਸ ਦਾ ਹਾਲ ਸੁਣਾਈਂ।” 

“ਸੌਂਹ ਧਰਤੀ ਦੀ ਮੈਨੂੰ ਰੂਹ ਦੀ, 

‘ਰਾਵੀ' ਆਖ ਬੁਲਾਈਂ।

“ਕਹਿਕਸ਼ਾਂ ਦੇ ਵਗਦੇ ਜਲ 'ਤੇ 

ਮੈਂ ਉੱਡ ਹੋਈ ਦੀਵਾਨੀ। 

ਤੇਰੇ ਵਿਹੜਿਉਂ 'ਵਾਜ ਸੁਣੀ ਤਦ 

ਲੰਘ ਉਮਰਾਂ ਅਸਮਾਨੀ।”

ਵੇਖ ਰਹੀ ਪੱਤਿਆਂ ਵਿਚ ਝੁਲਦੇ, 

ਰਾਵੀ ਜਲਦੇ ਪੈਂਡੇ।

ਉਹੀਓ ਹੰਝੂ ਪਈ ਵਿਹਾਜੇ, 

ਜੋ ਕੰਡਿਆਂ ਵਿਚ ਰਹਿੰਦੇ।

ਲਹੂ ਚੁੱਕ ਰੇਤ 'ਚੋਂ ਉੱਡਣ, 

ਕਹਿਰ ਕਲੂਰ ਅੰਗਾਰੇ। 

'ਵਾਵਾਂ ਦੇ ਤਨ-ਮਨ ਤੇ ਰਾਵੀ,

ਭੁੱਲੇ ਜ਼ਖ਼ਮ ਸ਼ਿੰਗਾਰੇ।

ਰਾਂਗਲੇ ਸਾਜਣ ਢੂੰਡ ਥੱਕੀ, 

ਜੀਰਾਣੀਂ ਅਧਰੈਣੀ।

ਵਾਟ ਸਬਰ ਦੀ ਮੁਕ ਜਾਵੇਗੀ, 

ਧਰਤ ਦੇ ਸਿਕਦੇ ਨੈਣੀਂ।

ਵਾਲ ਜਿਹੇ ਸਮੇਂ ਦੇ ਪੁਲ 'ਤੇ, 

ਕੌਣ ਜਾਣ ਕੁਰਲਾਉਂਦੇ

ਜਿੰਨ ਪ੍ਰੇਤ ਕਿਸੇ ਵਿਚ ਕੁਲਜ਼ਮ, 

ਹੂਲ ਕਹਾਹਾ ਪਾਉਂਦੇ।

ਰਾਵੀ ਨੀਂਦ ਦੀਆਂ ਜੂਹਾਂ ਵਿਚ, 

ਵਿਛੜੇ ਬੋਲ ਉਤਾਰੇ। 

ਸੁੱਤੇ ਬਾਰ ਦੇ ਬੋਹੜਾਂ ਹੇਠਾਂ, 

ਪੁੱਤ ਅਣਭੋਲ ਵਿਚਾਰੇ।

ਰਾਵੀ ਭੈਣ ਨੂੰ ਵੇਖਣ ਆਏ 

ਪਾ ਸ਼ਬਨਮ ਦੇ ਬਾਣੇ। 

ਤਪਦੀ ਹੂੰਗਰ ਦੇ ਮਿੱਟੀ ਵਿਚ 

ਸੂਰਜ ਬੁਝੇ ਵਿਹਾਣੇ।

ਕਹਿਰ ਹਜੂਮ ਬੰਨ੍ਹ ਕੇ ਆਏ, 

ਰਾਹ ਰਾਵੀ ਦੇ ਭੀੜਾਂ। 

ਕਿਸੇ ਚੁੰਨੀ ਦੀ ਲੀਰ 'ਤੇ ਵਾਰਣ, 

ਬਹਿ ਅੱਥਰੂ ਤਕਸੀਰਾਂ। 

ਜਲ ਥਲ ਰੋ ਪਰੀ ਤੋਂ ਪੁੱਛਣ, 

ਮਾਵਾਂ ਦੇ ਸਿਰਨਾਵੇਂ। 

ਮਲ੍ਹਿਆਂ ਉਹਲੇ ਬੈਠ ਕੇ ਰੋਂਦੇ, 

ਮਿਰਗਾਂ ਦੇ ਪ੍ਰਛਾਵੇਂ।

ਸਾਂਦਲ ਬਾਰ ਦੀਆਂ ਨਹਿਰਾਂ ਨੂੰ, 

ਧੀਆਂ ਦੇ ਦੁੱਖ ਡਾਢੇ। 

ਰਾਵੀ ਕੋਲੋਂ ਝੁਕ ਝੁਕ ਪੁੱਛਣ, 

ਟਾਹਲੀਆਂ ਦੁੱਖ ਦੁਰਾਡੇ।

ਚਾ ਸਿਰ ਆਤਣ ਦੀਆਂ ਉਡੀਕਾਂ, 

ਸੋਹਣੀਆਂ ਦੁੱਖ ਫਰੋਲਣ।

ਸਾਂਦਲ ਬਾਰ ਦੀਆਂ ਨਹਿਰਾਂ 'ਤੇ,

ਰੰਗ ਕਸੁੰਭੜਾ ਤੋਲਣ।

ਅੱਪਣੇ ਅੱਪਣੇ ਪੈਂਡੇ ਭੈਣਾਂ, 

ਤੋਰੇ ਨਾਲ ਫ਼ਕੀਰਾਂ। 

“ਹੁਣ ਦੇ ਸਮੇਂ ਦਾ ਬੋਲ ਬੋਲੇ" 

ਕਹਿਣ ਪਈਆਂ ਤਕਸੀਰਾਂ।

ਕੱਤਕ ਦੀ ਪੁੰਨਿਆ ਨੂੰ ਆਏ, 

ਜਲ ਥਲ 'ਚੋਂ ਵਣਜਾਰੇ।

ਟੂਣੇਹਾਰੀ ਰਾਵੀ ਕੋਲੋਂ,

ਕੌਲ ਵਿਹਾਜਣ ਪਿਆਰੇ।

"ਉਹੀਓ ਹੱਥ ਮੋਇਆਂ ਸਿਰ ਰੱਖੋ"

ਸੁਣ ਰਾਵੀ ਸ਼ਰਮਾਈ :

ਜਿਹੜੇ ਹੱਥ ਸਕੂਨ ਦੀ ਮਹਿੰਦੀ 

ਪੁੰਨਿਆ ਸਾਹਵੇਂ ਲਾਈ।

ਰਾਵੀ ਵਕਤ ਕਹਿਰ ਦੇ ਰੋ ਕੇ, 

ਬੁੱਕਲ ਵਿਚ ਵਿਚ ਲੁਕੋਏ। 

ਪਾਣੀ ਮੰਗਦੇ ਰੋਹੀਆਂ ਦੇ ਵਿਚ, 

ਜਦੋਂ ਕਾਫ਼ਲੇ ਮੋਏ।

ਮੋਇਆਂ ਮਜ਼੍ਹਬਾਂ ਦੀ ਸ਼ਾਹ ਰਗ ਜੋ, 

ਖੁਭੀ ਫ਼ਰੇਬੀ ਖੰਜਰ;

ਰਾਵੀ ਭਾਲ ਰਹੀ ਉਮਰਾਂ ਤੋਂ 

ਨਾਗ ਨਿਵਾਸਾਂ ਅੰਦਰ।

ਪਰੀ ਤੋਂ ਦੀਪ ਸ਼ਬਨਮਾਂ ਦੇ ਲੈ, 

ਰੱਖ ਵਿਚ ਥਾਲ ਬਸੰਤਾਂ। 

ਟੁੱਕੇ ਅੰਗ ਵੇਹਣ ਲਈ ਰੋਹੀਏਂ

ਕੂੰਟਾਂ ਝੁਕਣ ਅਨੰਤਾਂ !

ਪਾਟੇ ਮਸਤਕ ਕੌਮਾਂ ਦੇ 'ਤੇ

ਪੰਜਾ ਨੂਰ ਵਰ੍ਹਾਵੇ।

ਪਗ ਪੁਨੀਤ 'ਚੋਂ ਜ਼ਮਜ਼ਮ ਉਛਲੇ

ਦਾਗ਼ ਥਲਾਂ ਦੇ ਲਾਹਵੇ।

ਪਰਸ ਹੱਥ ਰਾਵੀ ਦੇ ਬੋਲਾਂ :

“ਭੈਣੇ ਅਜੇ ਮੈਂ 'ਕੱਲਾ।

ਛੋੜਾਂ ਅਜੇ ਛੋੜ ਨਹੀਂ ਸਕਦਾ,

ਬੀਆਬਾਨ ਦਾ ਪੱਲਾ।

“ਕਿਵੇਂ ਰਾਂਗਲੇ ਸਾਜਨ ਸੌਂ ਗਏ,

ਜੀਰਾਣਾਂ ਵਿਚ ਜਾ ਕੇ ?

ਕਿਵੇਂ ਖ਼ਾਕ ਵਿਚ ਠੰਢੇ ਹੋ ਗਏ, 

ਪੈਂਡੇ ਲੱਖ ਤਪਾ ਕੇ ?

“ਕਿਵੇਂ ਇਬਾਦਤ ਕਰਕੇ ਸੁੱਕੇ, 

ਸ਼ਮਸ਼ੀਰਾਂ ਦੇ ਪਾਣੀ

ਮਿੱਟੀ ਦੇ ਵਿਚ ਬਾਤ ਹੱਕ ਦੀ, 

ਬਿਨ ਖਿੜਿਆਂ ਕੁਮਲਾਣੀ ?

“ਭੈੜੀ ਨੀਂਦ ਸਿਰਾਂ 'ਤੇ ਡਿੱਗੀ, 

ਤੰਦ ਸਾੜ ਲਏ ਸਈਆਂ। 

ਲਹੂ ਮਾਸੂਮ ਦੀਆਂ ਫ਼ਰਿਆਦਾਂ, 

ਪੀਰ ਜਗਾਵਣ ਪਈਆਂ।”

“ਸਮਾਂ ਸਿਦਕ ਦੇ ਬੋਲ ਪੁਗਾਵੇ” 

ਕਹੇ ਮਿਹਰ ਹੋ ਰਾਵੀ

“ਬਾਂਝ ਪਰਬਤਾਂ ਨੂੰ ਢਕ ਲੈਂਦੀ, 

ਵੇਲ ਅੰਗੂਰ ਦੀ ਸਾਵੀ।

“ਬੋਲ ਮਾਸੂਮਾਂ ਦੇ ਲਿਖ ਸਾਂਭਣ, 

ਸੁਬਕ ਤਬਾ ਤਕਦੀਰਾਂ। 

ਦੇਸ ਗੁਨਾਹਾਂ ਦੇ ਢਕ ਲੈਂਦੀਆਂ, 

ਗੁੱਝੀਆਂ ਅਦਲ-ਲਕੀਰਾਂ। 

“ਬਾਲਪਨੇ ਦੀ ਫੱਟੀ ਉੱਤੇ 

ਵਾਹੁੰਦੇ ਅਜਬ ਤਾਬੀਰਾਂ; 

ਮੁੜ ਕੇ ਪੀਰਾਂ ਦੇ ਰਾਹ ਬਣਸਨ 

ਜਾਗ ਕੇ ਇਹੋ ਲਕੀਰਾਂ।

“ਧੀਮੇ ਵੈਣ ਵਿਚ ਅਸਮਾਨਾਂ, 

ਰਾਹ ਮਜ਼੍ਹਬਾਂ ਦੇ ਦੇਖੇ। 

ਫਿਰਦੇ ਹੇਕ ਧਰਤ ਦੀ ਅੰਦਰ, 

ਧੁਰ ਅਦਲਾਂ ਦੇ ਲੇਖੇ।

“ਵਾਰੀ ਵਾਰੀ ਤਕਨੇ ਸਭਨਾਂ, 

ਅੱਪਣੇ ਅੱਪਣੇ ਪੈਂਡੇ। 

ਮਾਂ ਦੇ ਦੁੱਧ ਵਾਂਗ ਮੋਹ ਧਰ ਦੇ 

ਛੁਪੇ ਜੁਗਾਂ ਤਕ ਰਹਿੰਦੇ।

“ਕੂੰਜ ਵਾਂਗ ਮਾਵਾਂ ਨੂੰ ਸਿਕਦਾ 

ਲਹੂ ਖ਼ਾਕ ਜੋ ਰੁੱਲੇ

ਪੀਰ ਫ਼ਕੀਰਾਂ ਦੇ ਵਣ ਅੰਦਰ, 

ਝੱਖੜਾਂ ਵਾਂਗੂੰ ਝੁੱਲੇ।

“ਧਰਤ ਅੰਬਰ ਦੀ ਕੂੰਬਲ ਕੂੰਬਲ 

ਤਰਬ ਸਿੱਕ ਦੀ ਝੂਣੇ।

ਕੌਲ ਢਕੇ ਮਿੱਟੀ ਦੇ ਅੰਦਰ 

ਕੌਮਾਂ ਨਾਲ ਜਾ ਕੂਣੇ।

“ਮਾਂ ਦੇ ਬੋਲ ਵਾਂਗ ਧਾ ਲਗਦੀ

ਕੌਮਾਂ ਗਲੇ ਹਮੇਸ਼ਾ,

ਜਿਹੜੀ ਮਿੱਟੀ ਬੱਚੇ ਵਾਂਗੂੰ

ਤਰਸ ਪਵੇ ਵਿਚ ਦੇਸਾਂ।”

ਮੈਂ ਕਿਹਾ ਰਾਵੀ ਨੂੰ, “ਕਰਦਾ 

ਇਹ ਦਰਵੇਸ਼ ਪੁਕਾਰਾਂ। 

ਜਿਹੜੇ ਲਹੂ ਤੋਂ ਬੋਲ ਹੋਇਆ 

ਅੱਥਰੂ ਓਸ 'ਤੇ ਵਾਰਾਂ।

“ਮਾਂ ਦੇ ਹੱਥ ਬਿਨਾਂ ਡੁੱਬ ਜਾਵਾਂ 

ਵਿਚ ਅਸਗਾਹ ਭਿਆਨਾਂ। 

ਗੁਰਾਂ ਦੀ ਪੈੜ ਬਿਨਾਂ ਰੁਲ ਜਾਵਾਂ 

ਹੇਠ ਸਮੇਂ ਦੀਆਂ ਸ਼ਾਮਾਂ।”

ਮੈਂ ਕਿਹਾ : “ਪਾਪ ਤੋਂ ਸੰਗਦੀ 

ਚਰਖ ਦੀ ਪੈੜ ਜਗਾਵੋ। 

ਹੋਤ ਦੇ ਰਾਹ ਦੀ ਪੀਂਘ ਰਾਂਗਲੀ, 

ਬਾਗ਼ ਸੱਸੀ ਦੇ ਪਾਵੋ।

“ਮੌਤ ਦੀਆਂ ਜੂਹਾਂ ਵਿਚ ਜਾ ਕੇ 

ਧੀਆਂ ਢੂੰਡ ਮਨਾਵੋ।

ਲਹੂ ਮਾਸੂਮ ਦੇ ਸਾਹਵੇਂ ਰੋ ਕੇ

ਮੁੜ ਘਰ ਯਾਦ ਕਰਾਵੋ।

“ਦੂਰ ਕਿਤੇ ਹੰਝਾਂ ਦੀ ਬੱਦਲੀ, 

ਮਹਿੰਦੀਆਂ ਕੋਲ ਲਿਆਵੋ। 

ਚੁੰਮ੍ਹ ਬਿਜਲੀਆਂ ਦੀ ਕੁਈ ਝਾਂਜਰ, 

ਪੈਰ ਸੋਹਣੀਆਂ ਪਾਵੋ।

“ਜਿਹੜੇ ਬੋਲ ਬਿਨਾਂ ਰਾਹ ਖ਼ਾਲੀ, 

ਸੋਈ ਬੋਲ ਮਿਲਾਵੋ; 

ਜਿਸ ਪੱਤਣ 'ਤੇ ਪੈੜ ਮਾਹੀ ਦੀ, 

ਪੱਤਣ ਸੋਈ ਜਗਾਵੋ।”

ਸਜਦੇ ਵਾਂਗ ਬਣੀ ਤਦ ਸੋਹਣੀ, 

ਖੜੀ ਨਾਲ ਤਕਦੀਰਾਂ। 

ਉਹਦੀਆਂ ਅੱਖਾਂ ਸਾਹਮੇ ਵਿਛੀਆਂ, 

ਸਫ਼ਾਂ ਵਾਂਗ ਤਕਸੀਰਾਂ।

ਪੁੰਨਿਆ ਦੇ ਸਾਲੂ ਵਿਚ ਲਿਪਟੀ, 

ਫੇਰ ਮਿਰੇ ਵੱਲ ਵੇਖੇ। 

ਜ਼ਿਮੀਂ-ਜ਼ਮਾਨ ਦੇ ਬੂਹੇ ਅੱਗੇ, 

ਖੜੀ ਜਿੰਦ ਨੂੰ ਟੇਕੇ।

ਬ੍ਰਿਛਾਂ ਵਿਚ ਖੜੀ ਇਉਂ ਰਾਵੀ, 

ਮਨ ਵਿਚ ਜਿਵੇਂ ਦੁਆਵਾਂ। 

ਕਹੇ : “ਖ਼ਾਕ ਵਿਚ ਰੁਲੇ ਮੈਂ ਤੇਰੇ, 

ਮੁੜ ਕੇ ਪੰਧ ਦਿਖਾਵਾਂ।”

📝 ਸੋਧ ਲਈ ਭੇਜੋ