ਤੂੰ ਨਹੀਂ ਕਿਸੇ ਰਿਸ਼ੀ ਦੀ ਪੁੱਤਰੀ,
ਕਿਸੇ ਆਸ਼ਰਮ ਕਿਸੇ ਤਪੋਵਣ ਉਤਰੀ।
ਨਾ ਹੀ ਮੈਂ ਰਾਜੇ ਦਾ ਜਾਇਆ,
ਰਾਹੋਂ ਖੁੰਝਿਆ
ਕਿਸੇ ਮਿਰਗ ਦੇ ਪਿੱਛੇ ਆਇਆ।
ਸੁਪਨਿਆਂ-ਸਜੇ
ਪ੍ਰੀਤ-ਮੰਦਰ ਦੇ ਦਰ ਤੇ ਖੜੀਏ !
ਇਸ ਮੰਦਰ ਦੇ ਅੰਦਰ
ਸੋਚ ਸਮਝ ਦੀ ਉਂਗਲੀ ਲੱਗ ਕੇ ਵੜੀਏ।
ਇਕ ਮੰਡੀਆਂ ਦੇ ਸ਼ਹਿਰ ਦਾ ਜਨਮ ਹੈ ਤੇਰਾ,
ਤੇਰਾ ਇਕ ਮੰਡੀਆਂ ਦੇ ਸ਼ਹਿਰ ਦਾ ਵਾਸਾ।
ਇਸ ਮੰਡੀਆਂ ਦੇ ਸ਼ਹਿਰ 'ਚ ਡਰ ਹੈ
ਵਿਕ ਨਾ ਜਾਏ ਤੇਰਾ ਹਾਸਾ !
ਮੈਂ ਹਾਂ ਇਕ ਮਜ਼ਦੂਰ ਦਾ ਜਾਇਆ
ਇਸ ਮੰਡੀਆਂ ਦੇ ਸ਼ਹਿਰ 'ਚ ਮਿਹਨਤ ਵੇਚਣ ਆਇਆ
ਜਿਸ ਮਿਹਨਤ ਦੀ ਕਦਰ ਨਾ ਹੋਈ,
ਇਸ ਦੁਨੀਆਂ ਵਿਚ ਕਈ ਯੁਗਾਂ ਤੋਂ ਕੋਈ,
ਅੱਜ ਥਕਾਵਟ ਉਸ ਮਿਹਨਤ ਦੀ
ਜਿਸਮ ਦੀਆਂ ਜੋੜਾਂ ਵਿਚ ਰੜਕੇ,
ਦਿਲ ਵਿਚ ਇਕ ਜਵਾਲਾ ਭੜਕੇ।
ਠੀਕ, ਮੈਂ ਤੇਰੇ ਰੂਪ ਤੇ ਮਾਇਲ
ਠੀਕ, ਹੋ ਗਈ ਤੂੰ ਮੇਰੇ ਜਜ਼ਬੇ ਦੀ ਕਾਇਲ ।
ਪ੍ਰੀਤਾਂ ਦੀ ਦਹਿਲੀਜ਼ ਤੇ ਖੜੀਏ
ਸੋਚ ਸਮਝ ਕੇ ਸੁਪਨੇ ਘੜੀਏ।
ਤੂੰ ਨਹੀਂ ਕਿਸੇ ਰਿਸ਼ੀ ਦੀ ਪੁੱਤਰੀ,
ਕਿਸੇ ਆਸ਼ਰਮ ਕਿਸੇ ਤਪੋਵਣ ਉਤਰੀ।
ਨਾ ਹੀ ਮੈਂ ਰਾਜੇ ਦਾ ਜਾਇਆ
ਕਿਸੇ ਮਿਰਗ ਦੇ ਪਿੱਛੇ ਆਇਆ।