ਮੇਰੀ ਬੱਚੀ
ਮੈਂ ਤੇਰਾ ਦਰਦ
ਮਹਿਸੂਸ ਕਰਦੀ ਹਾਂ ਤੇਰਾ ਦਰਦ।
ਸਰੀਰਕ ਕਸ਼ਟ ਅਸਹਿ
ਮਾਨਸਿਕ ਬੋਝ ਅਕਹਿ
ਰੀੜ੍ਹ ਦੀ ਹੱਡੀ ਦੇ ਨਾਲ
ਟੁੱਟਿਆ ਹੋਣੈ
ਤੇਰਾ ਵਿਸ਼ਵਾਸ
ਰੱਬ ਨਾਂ ਦੀ ਚੀਜ਼ ਤੋਂ
ਤੇਤੀ ਕਰੋੜ ਦੇਵੀ ਦੇਵਤਾ
ਇੱਕ ਵੀ ਨਾ ਬਹੁੜਿਆ
ਤੇਰੇ ਲਈ।
ਜ਼ਾਲਮਾਂ ਲਈ ਤਾਂ ਪਹੁੰਚ ਗਏ
ਵਰਦੀਆਂ ਪਾ ਕੁਰਸੀਆਂ ਵਾਲੇ।
ਬੇਸ਼ੱਕ
ਤੇਰੀ ਜ਼ਬਾਨ ਕੱਟ ਦਿੱਤੀ
ਪਰ ਤੇਰੀ ਪੁਕਾਰ
ਗੂੰਜ ਰਹੀ ਹੈ ਚਹੁੰ ਕੂੰਟਾਂ ‘ਚ
ਤੇਰੀਆਂ ਚੀਕਾਂ
ਮੈਨੂੰ ਸੌਣ ਨਹੀਂ ਦਿੰਦੀਆਂ
ਕ੍ਰਿਸ਼ਨ ਕਿੱਥੇ ਹੈ?
ਕਿਉਂ ਨਹੀਂ ਆਇਆ
ਆਏਗਾ ਕਿਉਂ ?
ਯਾਦਵਾਂ ਖ਼ਿਲਾਫ਼।
ਤੂੰ ਦਰੋਪਦੀ ਤਾਂ ਨਹੀਂ ਹੈ ਮਨੀਸ਼ਾ!
ਮੇਰੀ ਬੱਚੀ
ਇਨਸਾਫ਼ ਦੀ ਉਮੀਦ ਨਾ ਰੱਖੀਂ।
ਸ਼ੇਰਨੀ ਬਣ ਕੇ ਜੰਮ
ਭਾਵੇਂ ਸੱਪਣੀ ਬਣ ਕੇ
ਨਵੇਂ ਜਨਮ ਵਿੱਚ ਆ
ਤੇ ਆਪਣਾ ਇਨਸਾਫ ਆਪ ਕਰ।