ਕਿਹੜਾ ਕਿਹੜਾ ਮੰਜਰ ਆਪਣੀਆਂ ਅੱਖਾਂ ਵਿਚ ਲੁਕਾਵਾਂ ।
ਕਿਹੜੇ ਨੂੰ ਮੈਂ ਯਾਦ ਰੱਖਾਂ ਤੇ ਕਿਹੜੇ ਨੂੰ ਭੁੱਲ ਜਾਵਾਂ ।
ਮਾਂ ਆਪਣੀ ਦਾ ਚੁੱਲ੍ਹਾ ਚੌਂਕਾ ਜਾਂ ਬਾਪੂ ਦਾ ਵਿਹੜਾ,
ਮੈਨੂੰ ਲਗਦੀਆਂ ਸਨ ਇਹ ਯਾਰੋ ਜੰਨਤ ਵਰਗੀਆਂ ਥਾਵਾਂ ।
ਛੰਨਾ, ਥਾਲੀ, ਚਿਮਟਾ, ਬਾਟੀ, ਕੌਲੀ, ਕੜਛੀ, ਡੋਈ,
ਮਾਂ ਆਪਣੀ ਦੇ ਦਾਜ ਨੂੰ ਲੈਕੇ ਮੈਂ ਕਿੱਥੇ ਟੁਰ ਜਾਵਾਂ ।
ਛੱਡ ਕੇ ਆਪਣੀ ਜੰਮਣ ਭੋਂ ਨੂੰ ਮੈਂ ਕਿਹੜਾ ਸੁੱਖ ਪਾਇਆ,
ਵਿਚ ਸਿਹਰਾ ਦੇ ਡਾਰੋਂ ਵਿਛੜੀ ਕੂੰਜ ਤਰ੍ਹਾਂ ਕੁਰਲਾਵਾਂ ।
ਮਸਜਿਦ, ਮੰਦਰ ਵਗਦਾ ਖੂਹ ਤੇ ਜੰਗਲ ਨਦੀ ਕਿਨਾਰਾ,
ਭੁੱਲ ਸਕਨਾਂ ਵਾਂ ਕੀਵੇਂ 'ਸਿਖੂ ਚੱਕ' ਦੀਆਂ ਠੰਢੀਆਂ ਛਾਵਾਂ ।
ਮਾਂ ਦੇ ਮਰਨ ਤੋਂ ਮਗਰੋਂ ਕੋਈ ਮਾਂ ਵਰਗਾ ਨਾ ਦਿਸਿਆ,
ਮਾਂ ਦੀ ਸੂਰਤ ਵਰਗੀ ਸੂਰਤ ਕਿੱਥੋਂ ਲੱਭ ਲਿਆਵਾਂ ।
ਮੇਰੇ ਮਾਪੇ ਜਿਹੜੀ ਥਾਂ ਵਿਚ ਰੱਬਾ ਹੈਣ ਸਮਾਏ,
ਰੱਖੀਂ ਓਸ ਜ਼ਮੀਨ ਦੇ ਉੱਤੇ ਰਹਿਮਤ ਦਾ ਪਰਛਾਵਾਂ ।
ਨਾਲ ਹਿਜਰ ਤੇ ਦੁੱਖ ਦੇ ਮੇਰਾ ਲੱਕ ਦੂਹਰਾ ਹੋ ਜਾਂਦਾ,
ਮਾਂ ਤੇ ਪਿਉ ਦੀ ਕਬਰ ਤੇ 'ਅਰਸ਼ਦ' ਮਿੱਟੀ ਜਦ ਮੈਂ ਪਾਵਾਂ ।