ਮਾਂਝੀ ਕਿਸ਼ਤੀ ਉੱਥੇ ਲੈ ਚੱਲ

ਮਾਂਝੀ ਕਿਸ਼ਤੀ ਉੱਥੇ ਲੈ ਚੱਲ, 

ਜਿੱਥੇ ਬਹੁਤ ਡੁੰਘਾਈ ਏ। 

ਲਹਿਰਾਂ ਦਾ ਹੀ ਜੋਰ ਵੇਖਣਾ, 

ਦਿਲ ਵਿੱਚ ਸਾਡੇ ਆਈ ਏ।।

ਸਾਗਰ ਤੂੰ ਹੋ ਵਡੇਰਾ, 

ਜੇਰਾ ਘੱਟ ਨਹੀਂ ਸਾਡਾ ਵੀ।

ਲਹਿਰਾਂ ਨੂੰ ਤੂੰ ਦੇ ਰਵਾਨੀ, 

ਸਾਨੂੰ ਡਰ ਨਹੀਂ ਰਾਈ ਏ।।

ਲਹਿਰੋ ਵੱਡੀਆਂ ਹੋ ਹੋ ਆਵੋ, 

ਅਸੀਂ ਵੀ ਹਾਂ ਤਿਆਰ ਖੜ੍ਹੇ

ਪਿੱਛਾ ਦੇਈਏ,ਪਿੱਛੇ ਹੱਟੀਏ, 

ਫਿਰ ਕਹਿਣਾ ਰੁਸਵਾਈ ਏ।।

ਪਿੱਛੇ ਪਰਤਨਾ ਮਰਨ ਜਿਹਾ, 

ਤੇ ਡੱਟ ਜਾਣਾ- ਸੂਰਜ ਹੋਣਾ। 

ਇੱਹੋ ਇਸ਼ਕ ਅਕੀਦੇ ਦੀ ਗੱਲ 

ਮੁਰਸ਼ਦ ਨੇਂ ਸਮਝਾਈ ਏ।। 

ਜਿਸਨੇ ਉਗਣਾ ਉੱਗ ਆਵੇਗਾ 

'ਸਿੱਧੂਆ'-ਪਥਰ ਦੇ ਸੀਨੇ ਚੌਂ। 

ਰੋਕਾਂ ਟੋਕਾਂ ਲਾਉਣੀਆਂ ਲੋਕਾਂ 

ਰੀਤ ਹੀ ਚਲਦੀ ਆਈ ਏ।। 

📝 ਸੋਧ ਲਈ ਭੇਜੋ