ਮਨ

ਉਹ ਗੱਲਾਂ ਵੀ ਸੁਣ ਲੈਂਦਾ  

ਜੋ ਕਹੀਆਂ ਨਹੀਂ ਜਾਂਦੀਆਂ  

ਪੜ੍ਹ ਲੈਂਦਾ  

ਚਿਹਰੇ ਦੇ ਹਾਵ ਭਾਵ  

ਬੁਝ ਲੈਂਦਾ  

ਅਣਕਹੀਆਂ ਬੁਝਾਰਤਾਂ  

ਐਵੇਂ ਨਹੀਂ ਹੁੰਦਾ  

ਉਦਾਸ  

ਸਮਝ ਲੈਂਦਾ 

ਧੁਰ ਅੰਦਰ ਦੀ  

ਦਸ਼ਾ  

ਅਹਿਸਾਸ ਨਾਲ ਹੀ  

ਖਿੜ ਜਾਂਦਾ  

ਤੇ ਬੁਝ ਵੀ ਜਾਂਦਾ

ਅੱਖੀਆਂ ਚੋਂ ਪੜ੍ਹ  

ਬਦਲੀ ਹੋਈ ਇਬਾਰਤ 

ਕੋਸ਼ਿਸ਼ ਹਜ਼ਾਰ ਕਰੇ ਕੋਈ  

ਜਿੱਤ ਨਹੀਂ ਹੁੰਦਾ  

ਹਾਰ ਜਾਂਦਾ  

ਇੱਕ ਮੁਸਕਾਨ ਨਾਲ

ਭਾਂਪ ਲੈਂਦਾ  

ਹੋਣ ਵਾਲੀਆਂ  

ਅਸੁਖਾਵੀਆਂ ਘਟਨਾਵਾਂ

ਅਣਹੋਣੀ ਵਾਪਰਨ ਤੋਂ ਪਹਿਲਾਂ  

ਡੋਬੂ ਜਿਹਾ ਪੈਂਦਾ  

ਮਨ ਨੂੰ  

ਛਲਕ ਛਲਕ ਜਾਂਦਾ  

ਅੱਖਾਂ ਰਾਹੀਂ  

ਵਲੂੰਧਰਿਆ ਹੋਇਆ  

ਖੀਵਾ ਹੋਇਆ ਵੀ  

ਡੁੱਲ੍ਹ ਡੁੱਲ੍ਹ ਪੈਂਦਾ  

ਅੱਖੀਆਂ ਚੋਂ 

ਭੇਤ ਪਾਉਣਾ  

ਬੜਾ ਔਖਾ  

ਮਨ ਦਾ  

ਜਿਸ ਜਿੱਤ ਲਿਆ  

ਆਪਣਾ ਮਨ  

ਬੇਪਰਵਾਹ 

ਚਮਕਦਾ  

ਤਾਰਿਆਂ ਚੰਨ

📝 ਸੋਧ ਲਈ ਭੇਜੋ