ਇਕ ਤੋਂ ਅੱਧੀ
ਅੱਧੀ ਤੋਂ ਵੀ ਅੱਧੀ ਸਦੀ ਹੁਣੇ ਜੋ ਬੀਤੀ
ਉਸ ਵਿਚ ਸਾਡੇ ਸੱਚੇ ਰੱਬ ਦਾ ਬੜਾ ਜ਼ੋਰ ਸੀ
ਵਾਹਦ ਰੱਬ ਦਾ ਨਾਮ ਧਿਆ ਕੇ
ਇਕ ਮੁਲਕੋਂ ਦੋ ਮੁਲਕ ਬਣਾਏ
ਕਾਗ਼ਜ਼ ਦੇ ਇਕ ਪੁਰਜ਼ੇ ਨਾਲ
ਜ਼ਿਮੀਂ ਵਢ ਦਿੱਤੀ
ਧਰਤੀ ਦੇ ਵਿਚ ਰੁੱਖਾਂ ਵਾਂਗੂੰ ਗੱਡੇ ਹੋਏ
ਬੰਦੇ ਜੜ੍ਹਾਂ ਸਮੇਤ ਅਸਾਂ ਮਿੱਟੀ 'ਚੋਂ ਪੁੱਟੇ
ਦੂਜੀ ਧਰਤੀ ਵਿਚ ਗਡਵਾਏ
ਕੈਸੀ ਕਰਾਮਾਤ ਕਰਤੇ ਦੀ
ਕਈ ਮਹੀਨੇ
ਬੰਦੇ ਕੱਟੇ, ਵੱਢੇ
ਬਾਲਣ ਵਾਂਗੂੰ ਬਾਲੇ
ਤਾਂ ਵੀ ਗਿਣਤੀ ਮੂਲ ਘਟੀ ਨਾ
ਮਸਜਿਦ ਦੇ ਮੀਨਾਰ
ਕਲਸ ਉਚੇ ਮੰਦਰ ਦੇ
ਗਤਕੇ ਵਾਂਗੂੰ ਇਕ ਦੂਜੇ ਦੇ ਨਾਲ ਭਿੜਾਏ
ਜਿੰਨੇ ਫੱਟੜ ਕਲਸ ਓਨਾ ਸਾਡਾ ਜੀ ਰਾਜ਼ੀ
ਜ਼ਖ਼ਮੀ ਮੀਨਾਰਾਂ ਨੇ ਸਾਡੇ ਮਨ ਹਰਸ਼ਾਏ
ਗੁਰੂਦੁਆਰੇ ਵਾਂਗ ਖਿਡੌਣੇ
ਇਕ ਦੂਜੇ ਤੋਂ ਖੋਹੇ ਖਿੱਚੇ ਖ਼ੂਬ ਉਛਾਲੇ
ਰੱਬ ਨੂੰ ਮੰਤਰ ਵਾਂਗ ਅਸਾਂ ਨੇ
ਸਾਧ ਲਿਆ ਸੀ
ਅਪਣੀ ਧਰਤੀ ਦਰਿਆਵਾਂ ਵਿਚ ਮਲ ਮਲ ਧੋਤੀ
ਆਪ ਹੰਗਾਲ ਨਿਚੋੜੀ ਛੰਡੀ
ਸਾਡਾ ਮੰਤਰ ਸੁਣ ਧਰਤੀ ਸੁੰਗੜ ਵੀ ਜਾਏ
ਰਿੱਧੀ ਸਿੱਧੀ ਵੱਸ ਅਸਾਡੇ
ਵਰਤਮਾਨ ਨੂੰ ਚੁਕ ਕੇ ਬੀਤੇ ਵਿਚ ਲੈ ਗਏ
ਹੁਣ ਜੰਮੇ ਤਾਜ਼ਾ ਬਿਲਕੁਲ ਤਾਜ਼ਾ ਦਿਨ ਅਪਣੇ
ਮਹਾ ਪੁਰਾਣੇ ਐਂਟੀਕਾਂ ਦੇ ਮੁੱਲ ਵੇਚੇ ਨੇ
ਕਰਤੇ ਦੀ ਕਿਰਪਾ ਦੀ ਕੋਈ ਤੋਟ ਨਹੀਂ ਹੈ
ਸਾਰੀ ਉਮਰਾ ਮੱਧਕਾਲ ਵਿਚ ਜੀ ਚੱਲੇ ਹਾਂ
ਸਾਨੂੰ ਕੋਈ ਪਛਾਣ ਨ ਸਕਿਆ
ਰੱਬ ਵਰਗਾ
ਜਾਦੂ ਨਹੀਂ ਕੋਈ
ਇਕ ਤੋਂ ਅੱਧੀ
ਅੱਧੀ ਤੋਂ ਵੀ ਅੱਧੀ ਸਦੀ ਹੁਣੇ ਜੋ ਬੀਤੀ
ਮਨ ਮਰਜ਼ੀ ਦੇ ਨਾਲ ਭੋਗ ਕੇ,
ਖਾ ਖ਼ਰਚ ਕੇ ਤੁਰ ਚੱਲੇ ਹਾਂ
ਜਾਂਦੀ ਵਾਰੀ ਕੁਲ ਸਰਮਾਇਆ
ਆਉਣ ਵਾਲੀਆਂ ਜੱਦਾਂ ਦੇ ਹੱਥ ਧਰ ਚੱਲੇ ਹਾਂ
ਵਿਦਿਆ ਵੇਲੇ
ਇਕ ਮੁਲਕੋਂ ਦੋ ਮੁਲਕ ਦੂਸਰੀ ਵਾਰ ਬਣੇ ਨੇ
ਧਰਤੀ ਦੇ ਵਿਚ ਰੁੱਖਾਂ ਵਾਂਗੂੰ ਗੱਡੇ ਹੋਏ
ਬੰਦੇ ਜੜ੍ਹਾਂ ਸਮੇਤ ਅਸਾਂ ਮੁੜ ਕੇ ਪੁੱਟੇ ਨੇ
ਫੇਰ ਐਤਕੀਂ
ਬੰਦੇ ਕੱਟੇ, ਵੱਢੇ,
ਬਾਲਣ ਵਾਂਗੂੰ ਬਾਲੇ ਕਈ ਮਹੀਨੇ
ਦਰਿਆਵਾਂ ਵਿਚ ਧਰਤੀ ਨੂੰ ਮੁੜ ਕੇ ਧੋਤਾ ਏ
ਫੇਰ ਹੰਗਾਲ, ਨਿਚੋੜ, ਫੰਡ ਕੇ ਸੁਕਣੇ ਪਾਈ
ਯਾਰ, ਐਤਕੀਂ ਮੰਤਰ ਦਾ ਬਲ ਕੁਝ ਘਟਿਆ ਏ
ਇਕ ਮੁਲਕੋਂ ਦੋ ਮੁਲਕ ਬਣੇ
ਪਰ ਰੱਬ ਦਾ ਨਾਮ ਕਿਸੇ ਨਹੀਂ ਲੀਤਾ
ਰੁੱਖਾਂ ਵਾਂਗੂੰ ਪੁੱਟੇ ਬੰਦੇ
ਦੂਰ ਦੁਰਾਡੇ ਸੁੱਟੇ ਬੰਦੇ
ਮੁੜ ਅਪਣੇ ਘਰ ਤੁਰ ਚੱਲੇ ਨੇ
ਦਰਿਆਵਾਂ ਵਿਚ ਧੋਤੀ ਧਰਤੀ
ਖੂਬ ਨਿਚੋੜੀ ਫੰਡੀ ਧਰਤੀ
ਪੋਟਾ ਭਰ ਵੀ ਨਹੀਂ ਸੁੰਗੜੀ
ਡਰ ਲਗਦਾ ਏ
ਵੱਢੀ ਧਰਤੀ ਜੁੜ ਨਾ ਜਾਏ
ਸੁੰਗੜਣ ਦੀ ਥਾਂ ਫੈਲ ਨਾ ਜਾਏ
ਐਤਕ ਵਾਰੀਂ
ਮੀਨਾਰਾਂ ਨੇ ਮੀਨਾਰਾਂ ਦੇ ਨਾਲ ਵੀ
ਗਤਕੇਬਾਜ਼ੀ ਕੀਤੀ
ਯਾਰਾ ਮੈਨੂੰ ਡਰ ਲਗਦਾ ਏ
ਕਿਤੇ ਅਸਾਡਾ ਰੱਬ ਹੀ ਜ਼ਖ਼ਮੀ ਹੋ ਨਾ ਜਾਏ
ਅਪਣੇ ਨਾਲ ਹੀ ਲੜਦਾ ਲੜਦਾ ਮਰ ਨਾ ਜਾ