ਮੈਨੂੰ ਵਿਦਾ ਕਰੋ

ਮੈਨੂੰ ਵਿਦਾ ਕਰੋ ਮੇਰੇ ਰਾਮ

ਮੈਨੂੰ ਵਿਦਾ ਕਰੋ

ਕੋਸਾ ਹੰਝ ਸ਼ਗਨ ਪਾਉ ਸਾਨੂੰ

ਬਿਰਹਾ ਤਲੀ ਧਰੋ

ਤੇ ਮੈਨੂੰ ਵਿਦਾ ਕਰੋ

ਵਾਰੋ ਪੀੜ ਮੇਰੀ ਦੇ ਸਿਰ ਤੋਂ

ਨੈਣ-ਸਰਾਂ ਦਾ ਪਾਣੀ

ਇਸ ਪਾਣੀ ਨੂੰ ਜੱਗ ਵਿਚ ਵੰਡੋ

ਹਰ ਇਕ ਆਸ਼ਕ ਤਾਣੀਂ

ਪ੍ਰਭ ਜੀ ਜੇ ਕੋਈ ਬੂੰਦ ਬਚੇ

ਉਹਦਾ ਆਪੇ ਘੁੱਟ ਭਰੋ

ਤੇ ਮੈਨੂੰ ਵਿਦਾ ਕਰੋ

ਕੋਸਾ ਹੰਝ ਸ਼ਗਨ ਪਾਉ ਸਾਨੂੰ

ਬਿਰਹਾ ਤਲੀ ਧਰੋ

ਤੇ ਮੈਨੂੰ ਵਿਦਾ ਕਰੋ

ਪ੍ਰਭ ਜੀ ਏਸ ਵਿਦਾ ਦੇ ਵੇਲੇ

ਸੱਚੀ ਗੱਲ ਅਲਾਈਏ

ਦਾਨ ਕਰਾਈਏ ਜਾਂ ਕਰ ਮੋਤੀ

ਤਾਂ ਕਰ ਬਿਰਹਾ ਪਾਈਏ

ਪ੍ਰਭ ਜੀ ਹੁਣ ਤਾਂ ਬਿਰਹੋਂ-ਵਿਹੂਣੀ

ਮਿੱਟੀ ਮੁਕਤ ਕਰੋ

ਤੇ ਮੈਨੂੰ ਵਿਦਾ ਕਰੋ

ਕੋਸਾ ਹੰਝ ਸ਼ਗਨ ਪਾਉ ਸਾਨੂੰ

ਬਿਰਹਾ ਤਲੀ ਧਰੋ

ਤੇ ਮੈਨੂੰ ਵਿਦਾ ਕਰੋ

ਦੁੱਧ ਦੀ ਰੁੱਤੇ ਅੰਮੜੀ ਮੋਈ

ਬਾਬਲ ਬਾਲ ਵਰੇਸੇ

ਜੋਬਨ ਰੁੱਤੇ ਸੱਜਣ ਮਰਿਆ

ਮੋਏ ਗੀਤ ਪਲੇਠੇ

ਹੁਣ ਤਾਂ ਪ੍ਰਭ ਜੀ ਹਾੜਾ ਜੇ

ਸਾਡੀ ਬਾਂਹ ਨਾ ਘੁੱਟ ਫੜੋ

ਮੈਨੂੰ ਵਿਦਾ ਕਰੋ

ਕੋਸਾ ਹੰਝ ਸ਼ਗਨ ਪਾਉ ਸਾਨੂੰ

ਬਿਰਹਾ ਤਲੀ ਧਰੋ

ਤੇ ਮੈਨੂੰ ਵਿਦਾ ਕਰੋ

📝 ਸੋਧ ਲਈ ਭੇਜੋ