ਏਕਲੱਵਿਆ 

ਕਿਉਂਕਿ ਜੰਗਲ-ਪੁੱਤਰ ਹੁੰਦਾ ਹੈ

ਆਹਲਾ ਤੀਰ ਅੰਦਾਜ਼ ਹੋ ਕੇ ਵੀ 

ਸਫਲਤਾ ਦੀ ਪੌੜੀ ਦੇ 

ਸਭ ਤੋਂ ਹੇਠਲੇ ਡੰਡੇ ਤੇ ਹੀ ਰਹਿ ਜਾਂਦਾ ਹੈ

ਤੇ ਆਪਣੀ ਕਾਬਲੀਅਤ ਦਾ ਸਿਰਨਾਵਾਂ 

ਅੰਗੂਠਾ ਵੀ ਗੰਵਾ ਬਹਿੰਦਾ ਹੈ

ਅਰਜਨ 

ਮਨੁਸਮ੍ਰਿਤੀ ਦੀ ਕੁੱਖ ਦਾ ਸਤਮਾਹਿਆਂ 

ਤੇ ਬੇਲਿਆਂ ਦੇ ਕਬਾਇਲੀ ਪੁੱਤ ਤੋਂ 

ਕਮ-ਕਾਬਲ ਨਿਸ਼ਾਨਚੀ ਹੋ ਕੇ ਵੀ

ਮੀਰੀ ਦਰਜਾ ਹਾਸਲ ਕਰ ਲੈਂਦਾ ਹੈ

ਮਨੂ ਪਰੰਪਰਾ 

ਕਿਸੇ ਲਾਇਕ ਨੂੰ ਖਾ ਜਾਣ ਵਾਲੀ ਜਾੜ੍ਹ 

ਤੇ 

ਨਾਲਾਇਕ ਨੂੰ ਵੀ ਚੁੱਕ ਦੇਣ ਵਾਲੀ ਤਾੜ ਹੈ…

ਅੱਜ ਵੀ

ਸੰਵਿਧਾਨ 

ਸਿਰਫ ਸਿਲੇਬਸਾਂ ਵਿੱਚ ਪੜ੍ਹਾਇਆ ਜਾਂਦਾ ਹੈ 

ਪਰ ਲਾਗੂ ਅਣਲਿਖਿਆ ਮਨੂ ਵਿਧਾਨ ਕੀਤਾ ਜਾਂਦਾ ਹੈ 

ਅੱਜ ਵੀ…

📝 ਸੋਧ ਲਈ ਭੇਜੋ