ਮਰ ਤਾਂ ਕਦੋਂ ਦੀ ਗਈ

ਮਰ ਤਾਂ ਕਦੋਂ ਦੀ ਗਈ ਹੁੰਦੀ  

ਮਰਨ ਨਹੀਂ ਦਿੰਦੇ 

ਅਲਮਾਰੀ ਲਟਕਦੇ

ਨਵੇਂ ਸੂਟ। 

ਇੱਕ ਵਾਰ ਪਾ ਲਵਾਂ  

ਸੋਚ ਕੇ 

ਮਰਨਾ ਮੁਲਤਵੀ ਹੋ ਜਾਂਦਾ। 

 ਮਰ  ਤਾਂ ਕਦੋਂ ਦੀ ਗਈ ਹੁੰਦੀ 

ਮਰਨ ਨਹੀਂ ਦਿੰਦੇ  

ਲੌਕਰ ਵਿੱਚ ਪਏ ਗਹਿਣੇ  

ਸੋਚਦੀ ਹਾਂ 

ਇੱਕ ਵਾਰ ਪਾ ਕੇ ਮਟਕਾ ਲਵਾਂ। 

ਮੁਲਤਵੀ ਹੋ ਜਾਂਦਾ ਹੈ ਫੇਰ ਮਰਨਾ

ਮਰ ਤਾਂ ਕਦੋਂ ਦੀ ਗਈ ਹੁੰਦੀ

ਮਰਨ ਨਹੀਂ ਦਿੰਦਾ 

ਬੁੱਢੀ ਮਾਂ ਨੂੰ ਦਿੱਤਾ ਵਚਨ 

ਤੇਰੀ ਮਰੀ ਤੇ 

ਤੈਨੂੰ ਲੱਕਸ ਨਾਲ ਨੁਹਾ ਕੇ 

ਸੋਹਣਾ ਸੂਟ ਪਾ ਕੇ ਤੋਰਾਂਗੀ

ਤੈਨੂੰ ਸਦਾ ਲਈ। 

ਮਰਨਾ ਫੇਰ ਹੋ ਜਾਂਦਾ ਹੈ ਮੁਲਤਵੀ  

ਮਰ ਤਾਂ ਕਦੋਂ ਦੀ ਗਈ ਹੁੰਦੀ  

ਅੱਖਾਂ ਅੱਗੇ ਜਾਂਦਾ ਹੈ 

ਤੇਰਾ ਚਿਹਰਾ  

ਸ਼ਾਇਦ ਕਦੇ  ਜੇ ਦਿਲ ਕੀਤਾ ਤੇਰਾ 

ਮੈਨੂੰ ਮਿਲਣ ਨੁੰ 

ਮਰਨਾ ਫੇਰ ਹੋ ਜਾਂਦਾ ਹੈ ਮੁਲਤਵੀ। 

ਮਰ ਤਾਂ ਕਦੋਂ ਦੀ ਗਈ ਹੁੰਦੀ  

ਮਰਨ ਨਹੀਂ ਦਿੰਦੀਆਂ  

ਆਸਾਂ ਮੇਰੀਆਂ  ਤੇ 

ਨਿੰਦਿਆ ਦੂਜਿਆਂ ਦੀਆਂ। 

📝 ਸੋਧ ਲਈ ਭੇਜੋ