ਮਰਦਾਂ ਕੋਲ ਬੜੇ ਤਰੀਕੇ

ਮਰਦਾਂ ਕੋਲ ਬੜੇ ਤਰੀਕੇ ਨੇ  

ਔਰਤ ਨੂੰ ਭਲੋ ਲੈਣ ਦੇ  

ਕਦੇ ਪਿਆਰ ਨਾਲ  

ਕਦੇ ਇਜ਼ਹਾਰ ਨਾਲ  

ਕਦੇ ਤੋਹਫ਼ਿਆਂ ਨਾਲ  

ਅਕਸਰ ਲਫਜ਼ੀ ਹੇਰ ਫੇਰ  ਨਾਲ  

ਸਭ ਤੇਰਾ ਹੀ ਤਾਂ ਹੈ  

ਇਸ ਵਾਕ ਨਾਲ ਕਿੰਨੀਆਂ ਔਰਤਾਂ ਇਸ ਵਹਿਮ ਵਿੱਚ ਜਿਊਂਦੀਆਂ ਹਨ ਕਿ ਸਭ ਕੁਝ  ਓਹਦਾ ਹੈ 

ਨਹੀਂ ਸਮਝਦੀਆਂ  

ਹੱਕ ਤਾਂ ਉਨ੍ਹਾਂ ਨੂੰ ਆਪਣੇ ਸਰੀਰ ਤੇ ਨਹੀਂ  

ਜਿਸ ਪੁਰਸ਼ ਨੂੰ ਉਹ ਆਪਣਾ ਸਮਝਦੀਆਂ ਹਨ  

ਉਹੀ ਪੁਰਸ਼ 

ਇਕ ਦਿਨ ਹਮਬਿਸਤਰ ਹੋਣ ਲਈ ਨਾਹ ਕਰਨ ਤੇ  ਮੂੰਹ ਵੱਟ ਲੈਂਦਾ ਹੈ 

ਫਿਰ ਵੀ ਨਹੀਂ ਸਮਝਦੀ ਔਰਤ ਆਪਣੀ ਔਕਾਤ ਉਸਦੇ ਜੀਵਨ ਵਿਚ  

ਔਰਤ ਦਾ ਚਿਰਾਂ ਤੋਂ ਗੁਲਾਮ ਰਹਿਣਾ  

ਉਸ ਦੇ ਮਨ ਨੂੰ ਇਸ ਹੱਦ ਤਕ ਗੁਲਾਮ ਬਣਾ ਦਿੰਦਾ ਹੈ  

ਕਿ ਔਰਤ ਆਪਣੀ ਖੁਸ਼ੀ ਸਿਰਫ਼ ਮਰਦ ਨੂੰ ਖੁਸ਼ ਕਰਨ ਵਿੱਚ ਹੀ ਸਮਝਦੀ ਹੈ  

ਨਹੀਂ  ਕਰਦੀ  ਸਵਾਲ

ਜੇ ਸਭ ਕੁਝ ਮੇਰਾ ਹੈ  

 ਤਾਂ ਮੇਰੀ ਮਰਜ਼ੀ ਕਿਉ ਨਹੀਂ ਚੱਲਦੀ  

ਮੇਰੀ ਮਰਜ਼ੀ ਦਾ ਮਾਲਕ ਤੂੰ ਕਿਉਂ  

ਜਿਹੜੀਆਂ ਪੁੱਛਦੀਆਂ ਹਨ  

ਸਵਾਲ ਕਰਦੀਆਂ ਹਨ  

ਉਹ ਬਦਚਲਨ ਕਹਿਲਾਉਂਦੀਆਂ  ਹਨ  

ਔਰਤਾਂ ਦੀ ਆਜ਼ਾਦੀ  

ਸਿਰਫ਼ ਗਹਿਣੇ ਤੇ ਕੱਪੜੇ ਪਹਿਨਣ ਦੀ ਆਜ਼ਾਦੀ ਹੈ  

ਜੋ ਕਿ ਆਜ਼ਾਦੀ ਨਹੀਂ  

 ਸਿਰਫ ਆਪਣੇ ਮਾਲਿਕ ਨੂੰ ਖੁਸ਼ ਕਰਨ ਦਾ ਤਰੀਕਾ ਹੈ  

ਉਸ ਨੂੰ ਲੁਭਾਉਣ ਵਾਲੀਆਂ ਅਦਾਵਾਂ ਵਿੱਚ ਵਾਧਾ ਕਰਨ ਦਾ ਇਕ ਤਰੀਕਾ  

ਔਰਤ ਆਜ਼ਾਦ ਉਸ ਦਿਨ ਹੋਏਗੀ  

ਜਿਸ ਦਿਨ ਉਸ ਦੀ ਫ਼ਿਤਰਤ ਵਿੱਚ ਆਜ਼ਾਦੀ  ਹੋਵੇਗੀ

ਜੋ ਇੱਕ ਬੀਜ ਦੀ ਤਰ੍ਹਾਂ ਪੁੰਗਰੇਗੀ  

ਬੂਟੇ ਦੀ ਤਰ੍ਹਾਂ ਵਧੇਗੀ  

ਤੇ ਦਰਖਤ ਦੀ ਤਰ੍ਹਾਂ ਫੈਲ ਜਾਏਗੀ

📝 ਸੋਧ ਲਈ ਭੇਜੋ