ਮਰਦ ਨੂੰ ਮਰਦਾਨਗੀ ਦਿਖਾਉਣ ਲਈ
ਔਰਤ ਦਾ ਹੀ ਸਹਾਰਾ ਕਿਉਂ
ਜੰਗ ਦੇ ਮੈਦਾਨ ਵਿਚ
ਜਿੱਤ ਜਾਣ ਤੋਂ ਬਾਅਦ
ਸਾਰੀ ਮਰਦਾਨਗੀ
ਹਾਰੇ ਵਰਗ ਦੀਆਂ ਔਰਤਾਂ ਨੂੰ ਹਾਸਿਲ ਕਰਨ
ਜਬਰ ਜਨਾਹ ਕਰਨ
ਨਾਲ ਹੀ ਕਿਉਂ ਸਾਬਤ ਹੁੰਦੀ
ਪਿਓ ਨੂੰ ਆਪਣੀ ਧੀ
ਆਪਣੀ ਜਾਇਦਾਦ ਦਾ ਹਿੱਸਾ ਕਿਉਂ ਮਹਿਸੂਸ ਹੁੰਦੀ
ਕਿਉਂ ਉਸ ਤੇ ਉਸੇ ਤਰ੍ਹਾਂ ਹੱਕ ਸਮਝਦਾ
ਜਿਵੇਂ ਆਪਣੀ ਪੈਲੀ ਤੇ
ਕਿਉਂ ਨਹੀਂ ਪੁੱਛਦਾ
ਧੀ ਦੀ ਇੱਛਾ
ਕੋਈ ਫ਼ੈਸਲਾ ਲੈਣ ਤੋਂ ਪਹਿਲਾਂ
ਭਰਾ ਦੀ ਸਾਰੀ ਮਰਦਾਨਗੀ
ਭੈਣ ਨੂੰ ਨਜ਼ਰਬੰਦ ਕਰਨ ਵਿਚ
ਭੈਣ ਤੇ ਅਧਿਕਾਰ ਜਤਾਉਣ ਵਿੱਚ
ਉਸ ਦੀ ਜ਼ਿੰਦਗੀ ਵਿਚ ਦਖਲ ਦੇਣ ਨਾਲ
ਕਿਉਂ ਸਾਬਤ ਹੁੰਦੀ
ਉਧਲ ਗਈ ਭੈਣ ਨੂੰ
ਮਾਰ ਦੇਣਾ ਆਪਣਾ ਅਧਿਕਾਰ ਸਮਝਦਾ
ਉਧਾਲੀ ਹੋਈ ਕਿਸੇ ਦੀ ਭੈਣ ਨੂੰ
ਆਪਣੀ ਪਤਨੀ
ਪਤੀ ਕਿਉਂ ਨਹੀਂ ਸਮਝਦਾ
ਪਤਨੀ ਮੁੱਲ ਲਿਆਂਦੀ ਵਸਤ ਨਹੀਂ
ਜਿਊਂਦੀ ਜਾਗਦੀ ਇਸਤਰੀ ਹੈ
ਆਪਣੇ ਵਿਚਾਰ
ਆਪਣੀ ਸੋਚ
ਕਿਉਂ ਥੋਪਦਾ
ਆਪਣੀ ਪਤਨੀ ਤੇ
ਕਿਉਂ ਨਹੀਂ ਸਮਝਦਾ
ਪਤਨੀ ਉਸ ਦੀ ਮਲਕੀਅਤ ਨਹੀਂ
ਹਰ ਰੂਪ ਵਿਚ ਪੁਰਸ਼
ਆਪਣੀ ਬਹਾਦਰੀ
ਹਰ ਰਿਸ਼ਤੇ ਵਿੱਚ ਇਸਤਰੀ ਨੂੰ ਦਬਾ ਕੇ
ਕਿਉਂ ਸਾਬਤ ਕਰਨੀ ਚਾਹੁੰਦਾ
ਕਿਤੇ ਡਰ ਹੈ ਪੁਰਸ਼ ਦੇ ਮਨ ਵਿੱਚ
ਔਰਤ ਦੇ ਮਨ ਦੀ ਮਜ਼ਬੂਤੀ ਦਾ
ਜਾਣਦਾ ਹੈ
ਜਿਸ ਦਿਨ ਉੱਠ ਖਲੋਈ ਆਪਣੇ ਹੱਕਾਂ ਲਈ
ਚੰਡੀ ਬਣ ਉੱਤਰੇਗੀ
ਨਹੀਂ ਸੁਣੇਂਗੀ ਕੋਈ ਬਹਾਨਾ
ਔਰਤ ਮਜ਼ਲੂਮ ਨਹੀਂ
ਮਜ਼ਬੂਤ ਹੁੰਦੀ
ਬਸ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਲਈ
ਸਮਝੌਤੇ ਕਰਦੀ
ਪਰ ਕਿੰਨਾ ਚਿਰ
ਕਿੰਨੀਆਂ ਸਦੀਆਂ
ਕਰੇਗੀ ਸਮਝੌਤਾ
ਜਿਨ੍ਹਾਂ ਦਬਾਇਆ ਜਾਏਗਾ
ਉਹਨੇ ਹੀ ਵੇਗ ਨਾਲ
ਉੱਠ ਖੜ੍ਹੀ ਹੋਏਗੀ
ਆਪਣੇ ਬੁਨਿਆਦੀ ਹੱਕਾਂ ਲਈ