ਮਜ਼ਦੂਰ ਕਾਮੀਆਂ ਔਰਤਾਂ
ਸੜਕਾਂ ,ਪਾਰਕਾਂ ,
ਪੁਲ਼ਾਂ ਇਮਾਰਤਾਂ ਦੀ
ਤਾਮੀਰ ਕਰਦੀਆਂ
ਕੋਹਾਂ ਮੀਲਾਂ ਲੰਮਾ ਪੰਧ ਤਹਿ ਕਰਕੇ
ਮਿੱਲਾਂ 'ਚ ਕੰਮ ਕਰਦੀਆਂ
ਖੇਤਾਂ ਖਲਿਆਨਾਂ 'ਚ ਅੰਨ ਉਪਜ
ਰਿਜ਼ਕ ਪੈਦਾ ਕਰਦੀਆਂ
ਸਿਰਾਂ ਤੇ ਇੱਟਾਂ , ਰੇਤਾ, ਬੱਜਰੀ ਦਾ
ਭਾਰੀ ਭਾਰ ਉਠਾਉਂਦੀਆਂ
ਕਾਰਖ਼ਾਨਿਆਂ 'ਚ ਓਵਰ ਟਾਈਮ ਸ਼ਿਫ਼ਟਾਂ ਲਾਉਂਦੀਆਂ
ਖੇਤਾਂ ਵਿੱਚ ਵਾਢੀ ਗੋਡੀ ਕਰਦੀਆਂ ਕਰਾਉਂਦੀਆਂ
ਮਰਦਾਂ ਦੇ ਬਰਾਬਰ ਗੇੰਤੀਆਂ ਬੇਲਚੇ ਕਹੀ ਕੁਹਾੜੀ ਚਲਾਉਂਦੀਆਂ
ਮਰਦ ਹੀ ਲਗਦੀਆਂ
ਮਜ਼ਦੂਰ ਕਾਮੀਆਂ ਔਰਤਾਂ
ਮੂੰਹ-ਝਾਖਰੇ ਤੋਂ ਲੈ ਕੇ ਖੌਪੀਆ ਹੋਣ ਤੱਕ
ਮਧੂ ਮੱਖੀਆਂ ਵਾਂਗ ਚਲੋ-ਚਾਲ
ਕਰਮ ‘ਚ ਲੱਗੀਆਂ ਰਹਿੰਦੀਆਂ
ਇਹ ਕਾਮੀਆਂ ਔਰਤਾਂ
ਕਮਜ਼ੋਰ ਬਦਨ ,ਪਿਚਕੇ ਸਤਨ
ਉਲਝੇ ਵਾਲ਼ , ਹਾਲੋਂ ਬੇਹਾਲ ਇਹ ਔਰਤਾਂ
ਸਿਰਫ਼ ਸਿਰਾਂ ਦੀਆਂ ਚੁੰਨੀਆਂ
ਜਾਂ ਜਨਾਨਾ ਕਪੜਿਆਂ ਤੋਂ ਹੀ ਔਰਤਾਂ ਭਾਸਦੀਆਂ
ਉਂਜ ਇਹ ਔਰਤਾਂ , ਔਰਤਾਂ ਹੋ ਕੇ ਵੀ
ਮਰਦ ਹੀ ਜਾਪਦੀਆਂ
ਕਈ ਵਾਰ ਗ਼ੁਰਬਤ ਵੀ
ਔਰਤ ਨੂੰ ਮਰਦ ਦੇ
ਇੰਜ ਬਰਾਬਰ ਕਰ ਦਿੰਦੀ ਹੈ।